ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁਕ ਰੁਕ ਤੇਜ਼ ਹਵਾ ਨ ਚੱਲ।
ਕਾਫ਼ਲਿਆਂ ਦਾ ਰਾਹ ਨ ਮੱਲ।

ਜ਼ਖ਼ਮਾਂ ਖਾਤਰ ਮਰਹਮ ਬਣ ਜਾ,
ਹੋਰ ਵਧਾ ਨਾ ਦਿਲ ਦੇ ਸੱਲ।

ਅੱਜ ਦੀ ਏਸ ਭਿਆਨਕ ਰਾਤੇ,
ਚੰਗਾ ਲੱਗਦੈ ਬੀਤਿਆ ਕੱਲ੍ਹ।

ਹਰ ਮੀਟੀ ਮੈਂ ਹਾਰ ਗਿਆ ਹਾਂ,
ਜਿੱਤ ਦਾ ਕੋਈ ਸੁਨੇਹਾ ਘੱਲ।

ਤੁਰਦਾ ਤੁਰਦਾ ਏਸ ਪੜਾਅ ਤੇ,
ਪਹੁੰਚ ਗਿਆ ਏ ਦਿਲ ਦਾ ਝੱਲ।

ਸੱਚੋ ਸੱਚ ਇਹ ਦੱਸਦੇ ਤੂੰ ਹੈਂ,
ਦੁਸ਼ਮਣ ਵੱਲ ਜਾਂ ਮੇਰੇ ਵੱਲ।

ਮਸਾਂ ਮਸਾਂ ਅੱਜ ਲਾਟ ਬਣੀ ਹੈ,
ਧੁਖ਼ਦੀ ਧੁਖ਼ਦੀ ਦਿਲ ਦੀ ਗੱਲ।

ਤੂੰ ਤੇ ਮੈਂ ਜੇ ਰਲ ਮਿਲ ਜਾਈਏ,
ਬੀਤਿਆ ਅੱਜ ਤੇ ਸਾਡਾ ਕੱਲ੍ਹ।

38- ਮਨ ਦੇ ਬੂਹੇ ਬਾਰੀਆਂ