ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਿੰਡਾਂ ਤੁਰਦਿਆਂ ਅੱਖੀਓਂ ਜੋ ਅੱਥਰੂ ਸੀ ਡੁੱਲ੍ਹੇ।
ਮੈਨੂੰ ਝੱਗੇ ਉੱਤੇ ਪਏ, ਅਜੇ ਦਾਗ਼ ਨਹੀਓਂ ਭੁੱਲੇ।

ਮਾਈ ਸੰਤੀ ਦੀ ਭੱਠੀ ਕਦੇ ਹੋਲਾਂ ਕਦੇ ਆਭੂ,
ਕਦੇ ਤਪਦੀ ਕੜਾਹੀ ਵਿਚ ਖਿੜਦੇ ਸੀ ਫੁੱਲੇ।

ਸਾਂਝੀ ਪਾਥੀਆਂ ਦੀ ਅੱਗ ਪਿੰਡਾਂ ਬੁਝਦੀ ਕਦੇ ਨਾ,
ਸਭ ਘਰਾਂ ਵਿਚ ਓਹੀ ਨਿੱਤ ਬਾਲਦੀ ਸੀ ਚੁੱਲ੍ਹੇ।

ਗਿੱਲਾ ਪਰਨਾ ਲਪੇਟ ਸੌਣਾ ਕੋਠੇ ਮੰਜਾ ਡਾਹ ਕੇ,
ਬਾਤਾਂ ਸੁਣਦੇ ਉਡੀਕੀ ਜਾਣਾ ਪੁਰੇ ਵਾਲੇ ਬੁੱਲੇ।

ਮਿੱਠੇ ਖ਼ਾਨਗਾਹ ਦੇ ਚੌਲ, ਰੋਟ ਪੱਕਣਾ ਕਮਾਲ,
ਚਾਚੇ ਧੰਨਾ ਸਿੰਘ ਵਾਲੇ ਮੈਨੂੰ ਮੇਸੂ ਨਹੀਉਂ ਭੁੱਲੇ।

ਕੱਚੇ ਵਿਹੜੇ ਵਿਚ ਸ਼ਾਮ ਨੂੰ ਤਰੌਂਕ ਦੇਣਾ ਪਾਣੀ,
ਪੈਂਦ ਮੰਜਿਆ ਦੀ ਕੱਸਣੀ ਤੇ ਸੌਣਾ ਹੋ ਕੇ ਖੁੱਲ੍ਹੇ।

ਜਦੋਂ ਮੁੜਨਾ ਸਕੂਲੋਂ ਰਾਹ ਚ ਤਾਏ ਘੇਰ ਲੈਣਾ,
ਉਹਦੇ ਟੋਕਵੇਂ ਪਹਾੜੇ ਪੁੱਛੇ, ਅੱਜ ਵੀ ਨਹੀਂ ਭੁੱਲੇ।

ਹੱਟੀ ਸ਼ਾਹਵਾਂ ਦੀ ਤੋਂ ਲੈ ਕੇ ਖਾਣਾ ਜਦੋਂ ਵੀ ਮਰੂੰਡਾ,
ਕਿੰਜ ਦੱਸੀਏ ਸਵਾਦ, ਨਿਰੇ ਲੁੱਟੇ ਅਸਾਂ ਬੁੱਲੇ।

ਪੱਕੇ ਪੇਪਰਾਂ ਦੇ ਨੇੜੇ ਜਾ ਕੇ ਚੜ੍ਹਨਾ ਬੁਖ਼ਾਰ,
ਕੱਚੇ ਪੇਪਰਾਂ 'ਚ ਹੋਈਦਾ ਸੀ ਪਾਸ ਲਾ ਕੇ ਫੁੱਲੇ।

ਏਸ ਸ਼ਹਿਰ 'ਚ ਮੈਂ ਅੱਧੀ ਸਦੀ ਰੱਜ ਕੇ ਹੰਢਾਈ,
ਤੁਰੇ ਨਾਲ ਮੇਰੇ ਪਿੰਡ ਦੇ ਸਵਾਸ ਅਣਮੁੱਲੇ।

ਮਨ ਪਰਦੇਸੀ/78