ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁਖ ਆਸ਼ਾ ਦੀ ਰਾਹ ਚਲਦਾ ਹੈ ।ਆਸ਼ਾ ਦਾ ਕਾਰਨ ਹੈ, ਭਰਮ, ਭੁੱਲ। ਧੰਨ ਦੌਲਤ ਇਸਤ੍ਰੀ ਪੁਤ੍ਰ-ਇਨ੍ਹਾਂ ਸਾਰਿਆਂ ਵਿਚ ਮਨੁਖ ਸੁਖ ਮਹਿਸੂਸ ਕਰਦਾ ਹੈ ਪਰ ਇਹ ਸਭ ਚੀਜ਼ਾਂ ਤਾਂ ਦੋਂਹ ਦਿਨਾਂ ਦੀਆਂ ਹਨ, ਦੋ ਦਿਨ ਬਾਅਦ ਇਹ ਸਭ ਨਾਸ਼ ਹੋ ਜਾਣ ਵਾਲੀਆਂ ਹਨ, ਇਸ ਲਈ ਸੱਚਾ ਸੁਖ ਇਨਾਂ ਵਿਚ ਕੋਈ ਨਹੀਂ। ਸਚਾ ਸੁਖ ਇਨ੍ਹਾਂ ਵਿਚ ਦੇਖਣਾ ਭੁਲ ਹੈ,ਗ਼ਲਤੀ ਹੈ ਤੇ ਇਹ ਗ਼ਲਤੀ ਹੀ ਅਸਲ ਵਿਚ ਸਾਰੇ ਦੁਖਾਂ ਦੀ ਜੜ੍ਹ ਹੈ ।

ਇਸ ਜੜ੍ਹ ਨੂੰ ਕੱਟਣ ਲਈ ਜ਼ਰੂਰੀ ਹੈ,ਆਸ਼ਾ ਦਾ ਨਾਸ਼। ਮਨੁੱਖ ਜੇ ਆਸ਼ਾ ਛੱਡ ਸਕੇ,ਲੋਭ,ਮੋਹ ਤੇ ਹਿੰਸਾ ਤਿਆਗ ਸਕੇ, ਨੇਕ ਰਸਤੇ ਚਲੇ, ਪਵਿਤ੍ਰ ਜੀਵਨ ਬਿਤਾਏ ਤਾਂ ਨਿਸ਼ਚੇ ਹੀ ਉਹ ਜਨਮ ਜਨਮਾਂਤਰ ਤੋਂ ਛੁਟਕਾਰਾ ਪਾ ਸਕਦਾ ਹੈ ।

ਛੁਟਕਾਰਾ ਪਾਉਣ ਲਈ, ਆਸ਼ਾ ਤ੍ਰਿਸ਼ਨਾ ਦੂਰ ਕਰਨ ਲਈ ਕਰਮਕਾਂਡ, ਪੂਜਾ ਪਾਠ ਜਾਂ ਇਸੇ ਕਿਸਮ ਦਾ ਕੋਈ ਹੋਰ ਕਰਮ ਬਿਲਕੁਲ ਕਾਰ-ਆਮਦ ਨਹੀਂ ਹੈ, ਕੋਈ ਲਾਭ ਨਹੀਂ ਪਹੁੰਚਾ ਸਕਦਾ।

ਲਾਭ ਪਹੁੰਚਾ ਸਕਦਾ ਹੈ, ਅੱਠ ਮੱਗ, ਅਰਥਾਤ ਦ੍ਰਿਸ਼ਟੀ, ਸੰਕਲਪ, ਯਾਦਦਾਸ਼ਤ, ਬਾਣੀ, ਕਰਮ, ਪੇਸ਼ਾ, ਅਭਿਆਸ ਧਿਆਣ । ਇਨ੍ਹਾਂ ਨੂੰ ਸਚਾਈ ਦੇ ਰਾਹ ਪਾਉਣਾ ਤੇ ਸਚੇ ਬਣਾਓਣਾ ।

ਇਸੇ ਤਰ੍ਹਾਂ ਚਾਰ ਆਰਯ-ਸਚਾਈਆਂ ਨੂੰ ਜਾਣਨਾ । ਚਾਰ ਆਰਯ ਸਚਾਈਆਂ ਇਹ ਹਨ—(੧) ਦੁੱਖ ਹੈ । (੨) ਦੁਖ ਦਾ ਕਾਰਨ ਹੈ।(੩) ਦੁਖ ਰੁਕੂ ਹੈ।(੪) ਦੁਖ ਰੁਕਣ ਦਾ ਉਪਾ ਹੈ।

੬੧