ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/115

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰਤਾਪੀ ਟਿੱਬਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ। ਅੱਜ ਉਹ ਸਾਰੇ ਦਿਨਾਂ ਨਾਲੋਂ ਖਿੜਵੇਂ ਰੌਂਅ ਵਿੱਚ ਸੀ। ਉਹ ਭੋਲੀ ਦਾ ਲੱਖ-ਲੱਖ ਸ਼ੁੱਕਰ ਕਰ ਰਹੀ ਸੀ। ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਬਿਹਬਲ ਹੋ ਰਿਹਾ ਸੀ। ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਭਾਣਾ ਵਰਤਾਣ ਲੱਗੀ ਹੈ:

ਟਿੱਬੇ ਦੇ ਵਿੱਚ ਜਾ ਵੜੇ, ਉੱਤੋਂ ਰਾਤ ਗੁਬਾਰ।
ਖ਼ਬਰ ਨਾ ਕੋਈ ਰੰਨ ਨੂੰ, ਹੈ ਕਰਮਾਂ ਦੀ ਹਾਰ।
ਮਨ ਵਿੱਚ ਰੰਨ ਦੇ ਹੌਂਸਲਾ, ਕਦਮ ਧਰੇ ਇਕਸਾਰ।
ਦਿਲ ਵਿਚ ਲੱਡੂ ਫੁੱਟਦੇ, ਮਿਲਣਾ ਕਾਕੇ ਯਾਰ।
ਆਖੇ ਅੱਜ ਦਲੇਲ ਵੇ, ਤੈਂ ਮੈਂ ਦਿੱਤੀ ਤਾਰ।
ਦਰਸ਼ਣ ਹੋਵੇ ਪੀਆ ਦਾ, ਬੇੜੇ ਹੋਵਣ ਪਾਰ।
ਖ਼ਬਰ ਨਾ ਕੋਈ ਪਾਪ ਦੀ, ਗੁੱਜਰ ਵਿਚ ਹੰਕਾਰ।
ਸੀਟੀ ਮਾਰ ਦਲੇਲ ਨੇ, ਸੱਯਦ ਕੀਤੀ ਸਾਰ।
ਦੂਰੋਂ ਆਇਆ ਕੁੱਦਕੇ, ਸੱਯਦ ਖਾਕੇ ਖਾਰ।
ਟੱਪਦਾ ਵਾਂਗੂੰ ਭੂਤਨੇ, ਕਰਦਾ ਮਾਰੋ ਮਾਰ।
ਘੇਰਾ ਪਾ ਕੇ ਅੱਗਿਓਂ, ਬੋਲ ਪਿਆ ਲਲਕਾਰ।
ਫੜ ਲੈ ਰੰਨ ਦਲੇਲ ਤੂੰ, ਟੁਕੜੇ ਕਰਦੇ ਚਾਰ।
ਸੁਣ ਕੇ ਰਮਜ਼ ਦਲੇਲ ਨੇ, ਖਿੱਚ ਲਈ ਤਲਵਾਰ।
ਸਹਿਮ ਗਈ ਜਿੰਦ ਰੰਨ ਦੀ, ਫਿਰੀ ਕਲੇਜੇ ਤਾਰ।
ਦਿਲ ਵਿੱਚ ਸਮਝੇ ਉਸ ਨੇ, ਹੱਸਦੇ ਦੋਵੇਂ ਯਾਰ।
ਹੱਸ ਕੇ ਕਿਹਾ ਦਲੇਲ ਨੂੰ, ਦੂਜਾ ਕੌਣ ਪੁਕਾਰ।
ਆ ਗਿਆ ਤੈਨੂੰ ਲੈਣ ਨੂੰ, ਹੋ ਕੇ ਜਮ ਅਸਵਾਰ।
ਮੈਨੂੰ ਨਾ ਸੀ ਜਾਣਦੀ ਦਿੱਤਾ ਪੱਟ ਸਰਦਾਰ।
ਭੱਜਲੈ ਜਿੱਥੇ ਭੱਜਣਾ, ਤੈਨੂੰ ਦੇਣਾ ਮਾਰ।
ਸਹੁਰੇ ਪਿਓਕੇ ਛਡਕੇ, ਕਾਕਾ ਕੀਤਾ ਯਾਰ।
ਆਣ ਛੁਡਾਵੇ ਅਸਾਂ ਤੋਂ, ਸੱਦ ਲੈ ਕੂਕਾਂ ਮਾਰ।

(ਗੁਰਦਿੱਤ ਸਿੰਘ)

ਕਾਲੀ-ਬੋਲੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ। ਬੇਬਸ ਹਿਰਨੀ ਨੇ ਤਰਲੇ ਕੀਤੇ, ਹਾੜ੍ਹੇ ਕੱਢੇ, ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ:

ਨਾ ਮਾਰੀਂ ਵੇ ਦਲੇਲ ਗੁੱਜਰਾ।
ਮੈਂ ਲੋਪੋਂ ਦੀ ਸੁਨਿਆਰੀ

ਪਰ ਅੰਨ੍ਹੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰੀਆਂ ਵਰਗੀ ਪਰਤਾਪੀ ਦੇ ਟੋਟੇ ਕਰਵਾ ਦਿੱਤੇ:

113/ਮਹਿਕ ਪੰਜਾਬ ਦੀ