ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁੱਗਾ ਜ਼ਾਹਰ ਪੀਰ

ਭਾਦੋਂ ਦੀ ਰੁੱਤੇ ਗੁੱਗਾ ਭਗਤ ਡੋਰੂ ਖੜਕਾਉਂਦੇ, ਸਾਰੰਗੀਆਂ ਵਜਾਉਂਦੇ ਪੰਜਾਬ ਦੇ ਹਰ ਪਿੰਡ ਵਿੱਚ ਫਿਰਦੇ ਨਜ਼ਰੀਂ ਆਉਂਦੇ ਹਨ। ਇਹ ਗੁੱਗਾ ਪੀਰ ਦੀ ਕਥਾ ਨੂੰ ਗਾ ਗਾ ਖ਼ੈਰ ਮੰਗਦੇ ਹਨ। ਔਰਤਾਂ ਖੁੱਲ੍ਹੇ ਦਿਲ ਨਾਲ਼ ਗੁੱਗੇ ਪੀਰ ਦੇ ਨਾਂ ਤੇ ਖ਼ੈਰਾਤ ਪਾਉਂਦੀਆਂ ਹਨ।

ਪੰਜਾਬ ਦੇ ਹਰ ਪੰਜਾਂ-ਸੱਤਾਂ ਪਿੰਡਾਂ ਵਿੱਚ ਗੁੱਗੇ ਦਾ ਇਕ ਅੱਧ ਮੰਦਰ, ਜਿਸ ਨੂੰ ਗੁੱਗੇ ਦੀ ਮਾੜੀ ਆਖਿਆ ਜਾਂਦਾ ਹੈ, ਜ਼ਰੂਰ ਮਿਲ਼ ਜਾਵੇਗਾ। ਹਰ ਮਾੜੀ ਦਾ ਇਕ ਭਗਤ ਹੋਇਆ ਕਰਦਾ ਹੈ। ਇਹ ਭਗਤ ਸੱਪ ਦੇ ਡੱਸੇ ਹੋਏ ਪੁਰਸ਼ਾਂ ਦਾ ਇਲਾਜ ਗੁੱਗੇ ਦੇ ਮੰਤਰਾਂ ਨਾਲ਼ ਕਰਦਾ ਹੈ। ਕਈ ਭਗਤ ਤਾਂ ਸੱਪਾਂ ਦੀਆਂ ਜ਼ਹਿਰਾਂ ਵੀ ਚੂਸ ਲੈਂਦੇ ਹਨ। ਇਹ ਭਗਤੀ ਪੀੜ੍ਹੀਓ-ਪੀੜ੍ਹੀ ਚਲੀ ਆਉਂਦੀ ਹੈ।

ਜਨਮ-ਅਸ਼ਟਮੀ ਤੋਂ ਅਗਲੇ ਦਿਨ ਭਾਦੋਂ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ। ਮਾੜੀਆਂ ਉੱਤੇ ਮੇਲੇ ਲੱਗਦੇ ਹਨ। ਇਸ ਦਿਨ ਔਰਤਾਂ ਸੇਵੀਆਂ ਰਿੰਨ੍ਹਦੀਆਂ ਹਨ ਤੇ ਦੁੱਧ ਸੱਪਾਂ ਦੀਆਂ ਬਿਰਮੀਆਂ ਵਿੱਚ ਪਾਉਂਦੀਆਂ ਹਨ। ਜਦੋਂ ਸੁਆਣੀਆਂ ਇਕੱਠੀਆਂ ਹੋ ਕੇ ਗੁੱਗੇ ਦੀ ਮਾੜੀ ਤੇ ਮੱਥਾ ਟੇਕਣ ਲਈ ਜਾਂਦੀਆਂ ਹਨ ਤਦੋਂ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਹੱਥਾਂ ਵਿੱਚ ਸੇਵੀਆਂ ਦੀਆਂ ਥਾਲੀਆਂ, ਜਿਨ੍ਹਾਂ ਉੱਤੇ ਆਟੇ ਦੇ ਗੰਡ-ਗੰਡੋਏ ਤੇ ਦੀਵੇ ਆਦਿ ਰੱਖੇ ਹੁੰਦੇ ਹਨ, ਫੜੀ ਗੁੱਗੇ ਦੀ ਉਸਤਤੀ ਦੇ ਗੀਤ ਗਾਂਦੀਆਂ, ਵਰ ਮੰਗਦੀਆਂ, ਮੇਲੇ ਵਿੱਚ ਪੁੱਜ ਜਾਂਦੀਆਂ ਹਨ।

ਜਨਮ-ਅਸ਼ਟਮੀ ਦੀ ਸ਼ਾਮ ਨੂੰ ਗੁੱਗੇ ਦੀ ਚੌਂਕੀ ਭਰਨ ਦਾ ਰਿਵਾਜ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪਸ਼ੂਆਂ ਸਮੇਤ ਮਾੜੀ ਤੋਂ ਪੁੱਜ ਜਾਂਦੇ ਹਨ। ਜਦ ਮਾੜੀ ਦੇ ਦਲਾਨ ਵਿੱਚ ਸਾਰੇ ਬੈਠ ਜਾਂਦੇ ਹਨ ਤਦ ਸਵੱਯੇ ਪੀਰ ਗੁੱਗੇ ਦੀ ਉਸਤਤੀ ਵਿੱਚ ਗਾਣਾ ਆਰੰਭ ਦਿੰਦੇ ਹਨ। ਗਾਣਾ ਸੁਣ ਮਾੜੀ ਦੇ ਭਗਤ ਨੂੰ ਜੋਸ਼ ਆ ਜਾਂਦਾ ਹੈ, ਇਸ ਉੱਤੇ ਲੋਕੀਂ ਉਹਦੇ ਕੱਪੜੇ ਉਤਾਰ ਦਿੰਦੇ ਹਨ ਤੇ ਉਹ ਲੋਹੇ ਦੀਆਂ ਛੜੀਆਂ ਨਾਲ਼ ਆਪਣੇ ਜਿਸਮ ਨੂੰ ਮਾਰਨਾ ਸ਼ੁਰੂ ਕਰ ਦੇਂਦਾ ਹੈ। ਛੜੀਆਂ ਕਈ ਵਾਰ ਉਸ ਦੀ ਪਿਠ 'ਚੋਂ ਲਹੂ ਸਮਾ ਦੇਂਦੀਆਂ ਹਨ ਤੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਦੋ-ਤਿੰਨ ਪੁਰਸ਼ ਉਹਦੀ ਤੇਲ ਨਾਲ਼ ਮਾਲਸ਼ ਕਰਦੇ ਹਨ। ਇਸ ਸਮੇਂ ਸਵੱਯੇ ਆਪਣਾ ਗਾਉਣਾ ਬੰਦ ਕਰ ਦੇਂਦੇ ਹਨ, ਕੁਝ ਸਮੇਂ ਮਗਰੋਂ ਉਹਨੂੰ ਮੁੜ ਸੁਰਤ ਆ ਜਾਂਦੀ ਹੈ। ਏਸ ਤੇ ਸਾਰੇ ਦਰਸ਼ਕ ਉਹਨੂੰ ਮੱਥਾ ਟੇਕਦੇ ਹਨ ਤੇ ਭਗਤ ਸਾਰਿਆਂ, ਖ਼ਾਸ ਕਰਕੇ ਔਰਤਾਂ ਉੱਤੇ, ਪਾਣੀ ਦੇ ਛਿੱਟੇ ਮਾਰਦਾ ਹੈ। ਏਸ ਮਗਰੋਂ ਪਤਾਸ਼ਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਬਹੁਤ ਸਾਰੇ ਘਰਾਂ ਨੂੰ ਪਰਤ ਆਉਂਦੇ ਹਨ, ਬਹੁਤੇ ਉੱਥੇ ਹੀ ਸਾਰੀ ਰਾਤ ਜਗਰਾਤਾ ਕਰਦੇ ਹਨ। ਵਿੱਦਿਆ ਦੇ ਕਾਰਨ ਇਹ ਚੌਂਕੀ ਭਰਨ ਦਾ

143/ਮਹਿਕ ਪੰਜਾਬ ਦੀ