ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/237

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਨਾਨੀ ਦਿੱਤੀ

ਖ਼ਰਬੂਜਿਆਂ ਦੇ ਸ਼ਕੀਨ ਨੂੰ ਉਹ ਵਿਅਕਤੀ ਚੰਗਾ ਨਹੀਂ ਲੱਗਦਾ ਜਿਹੜਾ ਖ਼ਰਬੂਜਿਆਂ ਬਾਰੇ ਗਿਆਨ ਨਾ ਰੱਖਦਾ ਹੋਵੇ———

ਗੋਲ ਮੋਲ ਝੱਕਰੀ
ਉੱਤੇ ਪੀਲ਼ਾ ਰੰਗ
ਜਿਹੜਾ ਮੋਰੀ ਬਾਤ ਨੀ ਬੁੱਝੂ
ਉਹਦਾ ਪਿਓ ਨੰਗ।

ਅਤੇ

ਸਬਜ਼ ਕਟੋਰੀ
ਮਿੱਠਾ ਭੱਤ
ਲਵੋ ਸਹੇਲੀਓ
ਕਰੋ ਹੱਥ
ਕਈ ਹਦਵਾਣਿਆਂ (ਤਰਬੂਜ਼ਾਂ) ਨੂੰ ਵਧੇਰੇ ਪਸੰਦ ਕਰਦੇ ਹਨ———
ਮਾਂ ਲੀਰਾਂ ਕਚੀਰਾਂ
ਪੁਤ ਘੋਨ ਮੋਨ

ਅਤੇ

ਹਰੀ-ਹਰੀ ਵੇਲ
ਕਪਾਹ ਦੀਆਂ ਫਲ਼ੀਆਂ
ਘਿਉ ਦੇ ਘੁਟ
ਮਿਸ਼ਰੀ ਦੀਆਂ ਡਲ਼ੀਆਂ

ਚਿਬ੍ਹੜਾਂ ਦੀ ਬੇਲ ਦਾ ਵੀ ਕਿਸੇ ਨੇ ਕਿਹਾ ਸੋਹਣਾ ਵਰਨਣ ਕੀਤਾ ਹੈ———

ਬਹੂ ਆਈ ਆਪੇ
ਚਾਰ ਲਿਆਈ ਕਾਕੇ
ਇੱਕ ਗੋਦੀ ਇੱਕ ਮੋਢੇ
ਇੱਕ ਬਾੜ ਕੰਨੀਂ ਝਾਕੇ
ਇੱਕ ਬਾਪੂ-ਬਾਪੂ ਆਖੇ

ਕਈ ਨਾਕੀ ਕੱਕੜੀਆਂ ਅਤੇ ਬੈਂਗਣਾਂ ਦੇ ਬਾੜੇ ਨੂੰ ਪਾਣੀ ਦੇਣ ਲੱਗਿਆਂ ਉਹਨਾਂ ਦੀਆਂ ਗੱਲਾਂ ਵੀ ਕਰਵਾ ਦੇਂਦੇ ਹਨ——— ਜ਼ਮੀਨ ਤੇ ਪਈ ਕੱਕੜੀ ਖਾਲ਼ ਵਿੱਚ ਪਾਣੀ ਆਉਣ ਦੀ ਆਵਾਜ਼ ਸੁਣ ਕੇ ਉੱਚੇ ਲਟਕ ਰਹੇ ਬੈਂਗਣ ਤੋਂ ਖੜਾਕ ਬਾਰੇ ਪੁੱਛਦੀ ਹੈ———

"ਵੇ ਲੜਕਦਾ"
"ਹਾਂ ਪਈ"
"ਆਹ ਕੀ ਆਉਂਦਾ ਖੜਕਦਾ?"

235/ਮਹਿਕ ਪੰਜਾਬ ਦੀ