ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ, ਭਾਵਨਾਵਾਂ ਹਨ ਭਾਵੇਂ ਉਹ ਖੁਲ੍ਹ ਕੇ ਆਪਣੇ ਦਿਲ ਦੀ ਗੱਲ ਨਹੀਂ ਸੀ ਕਰ ਸਕਦੀਆਂ ਪਰੰਤੂ ਉਹ ਆਪਣੇ ਵਰ ਅਤੇ ਸਹੁਰੇ ਪਰਿਵਾਰ ਦੀ ਚੋਣ ਸਬੰਧੀ ਚਾਹਤ ਦਾ ਪ੍ਰਗਟਾਵਾ ਸੁਹਾਗ ਗੀਤਾਂ ਦੇ ਮਾਧਿਅਮ ਰਾਹੀਂ ਕਰ ਲੈਂਦੀਆਂ ਸਨ:

ਵਰ ਜੁ ਟੋਲਣ ਚੱਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੋਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ
ਇੱਕੋ ਜੇਹੀੜੇ ਛੈਲ ਵੇ
ਇਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ
ਬੱਜਣ ਲੱਗੀ ਬੰਸਰੀ
ਕੂਕਣ ਲੱਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲ਼ੇ ਜੇਹੀੜੇ ਕੋਈ ਹੋਰ ਵੇ

ਗੋਰੇ ਤੇ ਛੈਲ ਛਬੀਲੇ ਵਰ ਦੀ ਚਾਹਤ ਉਪਰੰਤ ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦਾ ਸਹੁਰਾ ਪਰਿਵਾਰ ਪਰੀ ਪੂਰਨ ਅਤੇ ਰੱਜਿਆ ਪੁੱਜਿਆ ਹੋਵੇ:

ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸ ਭਲੀ ਪਰਧਾਨ
ਤੇ ਸਹੁਰਾ ਥਾਣੇਦਾਰ ਹੋਵੇ
ਸੱਸ ਨੂੰ ਸੱਦਣ ਸ਼ਰੀਕਣੀਆਂ
ਸਹੁਰਾ ਕਚਹਿਰੀ ਦਾ ਮਾਲਕ
ਬਾਬਲ ਤੇਰਾ ਪੁੰਨ ਹੋਵੇ

ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸੂ ਦੇ ਬਾਹਲੜੇ ਪੁੱਤ
ਬਾਬਲ ਤੇਰਾ ਪੁੰਨ ਹੋਵੇ
ਇਕ ਮੰਗਦੀ ਇਕ ਵਿਆਂਮਦੀ
ਮੈਂ ਸ਼ਾਦੀਆਂ ਵੇਖਾਂਗੀ ਨਿੱਤ
ਬਾਬਲ ਤੇਰਾ ਪੁੰਨ ਹੋਵੇ

ਮਹਿੰਦੀ ਸ਼ਗਨਾਂ ਦੀ/ 25