ਪੰਨਾ:ਮਾਓ ਜ਼ੇ-ਤੁੰਗ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲੀਆਂ ਲਿਖਤਾਂ, ਪਹਿਲੇ ਵਿਚਾਰ ਮਾਓ ਜ਼ੇ-ਤੁੰਗ ਦੀਆਂ ਕਮਿਊਨਿਸਟ ਸਿਧਾਂਤ ਅਤੇ ਯੁੱਧਨੀਤੀ ਬਾਰੇ ਲਿਖਤਾਂ ਤੋਂ ਤਾਂ ਇਨਕਲਾਬੀ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਬਹੁਤੇ ਵਿਅਕਤੀ ਜਾਣੂ ਹੀ ਹਨ ਪਰ ਉਸ ਦੇ ਮੁਢਲੇ ਸਮੇਂ ਦੀਆਂ ਲਿਖਤਾਂ ਵੀ ਉਸ ਦੀ ਅਗਾਂਹਵਧੂ ਸੋਚ ਅਤੇ ਯੋਗਤਾ ਬਾਰੇ ਜਾਣੂ ਕਰਵਾਉਂਦੀਆਂ ਹਨ। ਮਾਓ ਦਾ ਪਹਿਲਾ ਪ੍ਰਕਾਸ਼ਿਤ ਲੇਖ ‘ਸਰੀਰਕ ਸਿੱਖਿਆ ਦਾ ਇੱਕ ਅਧਿਐਨ' ਮੰਨਿਆ ਜਾਂਦਾ ਹੈ ਜੋ ਅਪ੍ਰੈਲ 1917 ਵਿੱਚ ‘ਨਵੀਂ ਜਵਾਨੀ’ ਮੈਗ਼ਜ਼ੀਨ ਵਿੱਚ ਪ੍ਰਕਾਸ਼ਿਤ ਹੋਇਆ। ਇਸ ਲੇਖ ਦੇ ਤੱਤ ਬਾਰੇ ਗੱਲ ਕਰਨ ਤੋਂ ਪਹਿਲਾਂ ਇਸ ਵਿਸ਼ੇ ਦੇ ਪਿਛੋਕੜ ਬਾਰੇ ਜਾਣਨਾ ਜਰੂਰੀ ਹੈ। ਚੀਨ ਦੀ ਸਭਿਆਚਾਰਕ ਪਰੰਪਰਾ ਵਿੱਚ ਬੌਧਿਕ ਸਰਗਰਮੀਆਂ ਅਤੇ ਕਲਾਤਮਿਕ ਨਫ਼ਾਸਤ (Artistic refinement) ਨੂੰ ਸਰੀਰਕ ਸ਼ਕਤੀ ਅਤੇ ਸਰੀਰਕ ਮਿਹਨਤ ਕਰਨ ਦੇ ਬਿਲਕੁਲ ਉਲਟ ਰੱਖਿਆ ਜਾਂਦਾ ਸੀ। (ਇਹ ਗੱਲ ਕਾਫੀ ਹੱਦ ਤੱਕ ਭਾਰਤ ਦੀ ਵਰਣ ਵੰਡ ਵਿੱਚ ਵੀ ਲਾਗੂ ਹੁੰਦੀ ਸੀ) ਇਸ ਨਜ਼ਰੀਏ ਅਨੁਸਾਰ ਸਰੀਰਕ ਜੋਰ ਲਗਾਉਣਾ, ਵਿਦਵਾਨ ਲਈ ਗੈਰਵਾਜਿਬ ਅਤੇ ਦਿਮਾਗ ਦੇ ਸਹੀ ਵਿਕਾਸ ਲਈ ਮਾੜਾ ਮੰਨਿਆ ਜਾਂਦਾ ਸੀ। ਇੱਕ ਚੀਨੀ ਵਿਦਵਾਨ ਦਾ ਆਦਰਸ਼ਕ ਬਿੰਬ- ਪੀਲਾ ਚਿਹਰਾ, ਮਾਸ- ਪੇਸ਼ੀਆਂ ਤੋਂ ਰਹਿਤ ਸਰੀਰ, ਲੰਬੇ ਵਧੇ ਨਹੁੰ, ਢਿੱਲੜ ਜਿਹੀ ਚਾਲ-ਢਾਲ ਅਤੇ ਲੰਮਾ ਚੋਲਾ ਪਹਿਣਨਾ ਸੀ ਜੋ ਉਸ ਨੂੰ ਚੁਸਤੀ ਨਾਲ ਚੱਲਣ ਫਿਰਨ ਨਾ ਦੇਵੇ। ਉੱਚ ਵਰਗ ਦੀਆਂ ਔਰਤਾਂ ਲਈ ਤਾਂ ਇਹ ਮਾਪਦੰਡ ਹੋਰ ਵੀ ਸਿਰੇ ਦੇ ਸਨ ਜਿਨ੍ਹਾਂ ਵਿੱਚ ਬਚਪਨ ਤੋਂ ਲੋਹੇ ਦੇ ਬੂਟ ਪਹਿਣਾ ਕੇ ਛੋਟੇ ਰੱਖੇ ਪੈਰ, ਮੋਟਾ ਸਰੀਰ ਅਤੇ ਬੁਣਾਈ ਕਢਾਈ ਤੋਂ ਬਿਨਾਂ ਕੋਈ ਸਰੀਰਕ ਸਰਗਰਮੀ ਨਾ ਕਰਨਾ ਸ਼ਾਮਲ ਸਨ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਦਿਮਾਗੀ ਯੋਗਤਾ ਅਤੇ ਸਰੀਰਕ ਕਸਰਤ ਕਰਨ ਵਿਚਕਾਰ ਸਬੰਧਾਂ ਬਾਰੇ ਨਜ਼ਰੀਆ ਬਦਲਣ ਲੱਗਾ ਸੀ, ਹੁਣ ਇਨ੍ਹਾਂ ਨੂੰ ਇੱਕ ਦੂਜੇ ਦੇ ਵਿਰੋਧੀ ਦੀ ਬਜਾਏ ਇੱਕ ਦੂਜੇ ਦੇ ਸਹਾਇਕ ਮੰਨਿਆ ਜਾਣ ਲੱਗਾ ਸੀ। ਇਸੇ ਤਰ੍ਹਾਂ ਕੇਵਲ ਆਪਣੇ ਹਾਰ ਸ਼ਿੰਗਾਰ ਵਿੱਚ ਲੱਗੀਆਂ ਰਹਿਣ ਵਾਲੀਆਂ ਅਤੇ ਛੋਟੇ ਪੈਰ ਰੱਖ ਕੇ ਅਪਾਹਜਾਂ ਵਾਂਗ ਕੀਤੀਆਂ ਔਰਤਾਂ ਵੀ ਸੁਧਾਰਕਾਂ ਅਤੇ ਨਾਰੀਵਾਦੀਆਂ ਦੇ ਨਿਸ਼ਾਨੇ 'ਤੇ ਆ ਗਈਆਂ ਸਨ। ਇੱਕ ਮਾਓ ਜ਼ੇ-ਤੁੰਗ /39