ਪੰਨਾ:ਮਾਣਕ ਪਰਬਤ.pdf/262

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕੋਤੂਰਾ, ਕਿਹਾ ਸਾਈ? ਹੱਛਾ, ਤਾਂ ਮੈਂ ਲੈ ਲੈਣੀ ਹਾਂ। ਤੇ ਤੂੰ ਏਥੇ, ਬਾਹਰ,ਉਡੀਕੀਂ।"

ਸਭ ਤੋਂ ਛੋਟੀ ਧੀ ਟਿੱਲੇ ਕੋਲ ਖਲੋ ਗਈ ਤੇ ਉਡੀਕਣ ਲਗੀ। ਉਹ ਕਿੰਨਾ ਹੀ ਚਿਰ ਉਡੀਕਦੀ ਰਹੀ। ਅਖ਼ੀਰ, ਦਰਵਾਜ਼ਾ ਫੇਰ ਖੁਲ੍ਹਿਆ, ਤੇ ਬੁੱਢੀ ਨੇ ਬਾਹਰ ਵੇਖਿਆ ਤੇ ਲਕੜੀ ਦੀ ਤਸ਼ਤਰੀ ਉਹਦੇ ਹੱਥ ਫੜਾ ਦਿਤੀ। ਤਸ਼ਤਰੀ ਵਿਚ ਕੁਝ ਢੇਰ ਕੀਤਾ ਹੋਇਆ ਸੀ, ਪਰ ਕੁੜੀ ਨੂੰ ਪਤਾ ਨਾ ਲਗਾ, ਉਹ ਕੀ ਸੀ। ਉਹਨੇ ਤਸ਼ਤਰੀ ਲੈ ਲਈ ਤੇ ਉਹਨੂੰ ਲੈ ਵਾਪਸ ਕੋਤੂਰੇ ਕੋਲ ਆ ਗਈ।

"ਏਨਾ ਚਿਰ ਕਿਉਂ ਲਗ ਗਿਆ ਈ?" ਕੋਤੂਰੇ ਨੇ ਪੁਛਿਆ। " 'ਚੂਮ' ਲਭ ਪਿਆ ਸਾਈ?"
"ਆਹੋ, ਲਭ ਪਿਆ ਸੀ।
"ਮਾਸ ਦੇ ਦਿਤਾ ਸਾਈ?
"ਆਹੋ।"
"ਮੈਨੂੰ ਤਸ਼ਤਰੀ ਵਿਖਾ, ਮੈਂ ਵੇਖਣਾ ਚਾਹੁਨਾਂ, ਉਹਦੇ 'ਚ ਕੀ ਏ।"

ਕੋਤੂਰੇ ਨੇ ਨਜ਼ਰ ਮਾਰੀ, ਤੇ ਉਹਨੇ ਵੇਖਿਆ, ਤਸ਼ਤਰੀ ਵਿਚ ਕਿੰਨੇ ਹੀ ਚਾਕੂ ਤੇ ਫ਼ੌਲਾਦ ਦੀਆਂ ਸੂਈਆਂ ਤੇ ਖੱਲਾਂ ਕਮਾਉਣ ਲਈ ਖੁਰਚਣੀਆਂ ਤੇ ਘਸਾਣੀਆਂ ਪਈਆਂ ਸਨ। ਕੋਤੂਰਾ ਉਚੀ ਸਾਰੀ ਹਸਿਆ ਤੇ ਕਹਿਣ ਲਗਾ:

"ਤੈਨੂੰ ਬਹੁਤ ਸਾਰੀਆਂ ਸੁਹਣੀਆਂ-ਸੁਹਣੀਆਂ ਚੀਜ਼ਾਂ ਮਿਲੀਆਂ ਨੇ ਤੇ ਤੇਰੇ ਬਹੁਤ ਈ ਕੰਮ ਆਉਣਗੀਆਂ।"

ਸਵੇਰੇ ਕਤੂਰਾ ਉਠਿਆ ਤੇ 'ਚੂਮ' ਵਿਚ ਹਿਰਨ ਦੀਆਂ ਕੁਝ ਖੱਲਾਂ ਲੈ ਆਇਆ ਤੇ ਉਹਨੇ ਸਭ ਤੋਂ ਛੋਟੀ ਧੀ ਨੂੰ ਹੁਕਮ ਦਿਤਾ, ਉਹ ਉਹਨੂੰ ਸ਼ਾਮ ਤਕ ਨਵਾਂ ਕੋਟ, ਬੂਟ ਤੇ ਦਸਤਾਨੇ ਬਣਾ ਦੇਵੇ।

"ਜੇ ਤੂੰ ਉਹ ਚੰਗੇ ਬਣਾ ਲਏ," ਉਹਨੇ ਆਖਿਆ, "ਮੈਂ ਤੈਨੂੰ ਆਪਣੀ ਵਹੁਟੀ ਬਣਾ ਲਵਾਂਗਾ।"

ਕੋਤੂਰਾ ਚਲਾ ਗਿਆ ਤੇ ਸਭ ਤੋਂ ਛੋਟੀ ਧੀ ਕੰਮ ਲਗ ਗਈ। ਬੁੱਢੀ ਦੀ ਸੁਗਾਤ ਬਹੁਤ ਹੀ ਲਾਹੇ-ਵੰਦੀ ਸਾਬਤ ਹੋਈ। ਕਪੜੇ ਬਣਾਣ ਲਈ ਜੋ ਕੁਝ ਵੀ ਚਾਹੀਦਾ ਸੀ, ਸਭ ਤੋਂ ਛੋਟੀ ਧੀ ਕੋਲ ਹੈ ਸੀ। ਪਰ ਕੋਈ ਇਕੋ ਦਿਨ ਦੇ ਵਿਚ-ਵਿਚ ਕਿੰਨਾ ਕੁਝ ਕਰ ਸਕਦਾ ਏ?..ਸਭ ਤੋਂ ਛੋਟੀ ਧੀ ਨੇ ਇਹਦੀਆਂ ਸੋਚਾਂ ਸੋਚਣ ਉਤੇ ਵਕਤ ਨਾ ਗੁਆਇਆ, ਸਗੋਂ ਵਧ ਤੋਂ ਵਧ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਖੱਲਾਂ ਨੂੰ ਕਮਾਇਆ, ਖੁਰਚਿਆ, ਕਟਿਆ ਤੇ ਸੀਤਾ। ਚਾਣਚਕ ਹੀ ਬੂਹੇ ਉਤੇ ਟੰਗੀ ਖੱਲ ਚੁੱਕੀ ਗਈ ਤੇ ਧੌਲੇ ਸਿਰ ਵਾਲੀ ਇਕ ਬੁੱਢੀ ਅੰਦਰ ਆ ਗਈ। ਸਭ ਤੋਂ ਛੋਟੀ ਧੀ ਨੇ ਉਹਨੂੰ ਇਕਦਮ ਹੀ ਪਛਾਣ ਲਿਆ: ਇਹ ਉਹੀਉ ਹੀ ਬੁੱਢੀ ਸੀ, ਜਿਹਦੇ ਕੋਲ ਉਹ ਮਾਸ ਲੈ ਕੇ ਗਈ ਸੀ।

"ਬੱਚੀਏ, ਮੇਰੀ ਮਦਦ ਕਰੀਂ," ਬੁੱਢੀ ਨੇ ਆਖਿਆ।" ਮੇਰੀ ਅੱਖ 'ਚ ਤੀਲਾ ਏ। ਇਹਨੂੰ ਕਢ ਦਈਂ, ਮੇਰੇ ਆਪਣੇ ਕੋਲੋਂ ਨਹੀਂ ਨਿਕਲਦਾ।"

ਸਭ ਤੋਂ ਛੋਟੀ ਧੀ ਨੇ ਨਾਂਹ ਨਾ ਕੀਤੀ। ਉਹਨੇ ਆਪਣਾ ਕੰਮ ਇਕ ਪਾਸੇ ਰਖ ਦਿਤਾ ਤੇ ਬੁੱਢੀ ਦੀ ਅੱਖ ਵਿਚੋਂ ਤੀਲਾ ਛੇਤੀ ਹੀ ਕਢ ਦਿਤਾ।

"ਠੀਕ ਏ," ਬੁੱਢੀ ਨੇ ਆਖਿਆ, "ਹੁਣ ਮੇਰੀਆਂ ਅੱਖਾਂ ਨੂੰ ਪੀੜ ਨਹੀਂ ਹੁੰਦੀ। ਹੁਣ ਮੇਰੇ ਸੱਜੇ ਕਨ 'ਚ ਵੇਖ।"

ਸਭ ਤੋਂ ਛੋਟੀ ਧੀ ਨੇ ਬੁੱਢੀ ਦੇ ਕੰਨ ਵਿਚ ਵੇਖਿਆ ਤੇ ਤ੍ਰੱਭਕ ਪਈ।

੨੪੮