ਪੰਨਾ:ਮਾਨ-ਸਰੋਵਰ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਹ ਵੀ ਤੀਰ ਸਨ, ਜ਼ੁਲਮ ਲਈ ਬਣੇ ਆਫ਼ਤ,
ਆਫ਼ਤ ਓਹ ਜੋ ਆਫ਼ਤਾਂ ਢਾਹੁੰਦੀ ਸੀ।
ਝੁੱਕਦੀ ਜਦੋਂ ਕਮਾਨ ਸੀ ਕਹਿਰ ਅੰਦਰ,
ਝੁਕਣ ਸਾਰ ਹੀ ਵੈਰੀ ਝੁੱਕਾਉਂਦੀ ਸੀ ?
ਸਿਰੀ ਤੀਰ ਦੀ ਸਿਰੀ ਸਪੋਲੀਏ ਦੀ,
ਛੁੱਟਣ ਸਾਰ ਹੀ ਡੰਗ ਚਲਾਉਂਦੀ ਸੀ ।
ਤੇ ਸੋਹਣੀ ਮੁਖੀ ਜੇ ਸੋਨੇ ਦੀ ਜਾਪਦੀ ਸੀ,
ਸੌ ਸੌ ਨੂੰ ਸੁੱਕਣੇ ਪਾਉਂਦੀ ਸੀ ।

ਤੇਰੇ ਤੀਰ ਕਲੇਜੜੇ ਚੀਰ ਗਏ,
ਚੀਰ ਚੀਰ ਕੇ ਚੀਰ ਜਿਹੇ ਪਾਏ ਉਹਨਾਂ ।
ਲੀਰ ਲੀਰ ਕਰ ਦਿਤੇ ਸਰੀਰ ਸਾਰੇ,
ਲੀਰਾਂ ਵਿਚ ਲੰਗਾਰ ਬਣਾਏ ਉਹਨਾਂ ।

ਜਦੋਂ ਤੀਰ ਤੂੰ ਤੀਰਾਂ ਦੇ ਪੀਰ ਬਾਂਕੇ,
ਵਾਰੋ ਵਾਰੀ ਸੀ ਧਰੇ ਕਮਾਨ ਅੰਦਰ ।
ਐਸੇ ਸੌਣ ਦੇ ਬਦਲਾਂ ਵਾਂਗ ਵੱਸੇ,
ਮੱਚ ਗਿਆ ਘੁਸਮਾਨ ਮੈਦਾਨ ਅੰਦਰ ।

ਨੀਲੇ ਅੰਬਰਾਂ ਤੇ ਤਾਰੇ ਟਿਮਕਦੇ ਨਹੀਂ,
ਏਹ ਕੁਝ ਹੋਰ ਹੀ ਆਵੇ ਧਿਆਨ ਅੰਦਰ ।
ਤੀਰਾਂ ਸਾਹਮਣੇ ਜਦੋਂ ਨਾ ਰਿਹਾ ਵੈਰੀ,
ਉਹਨਾਂ ਛੇਕ ਕੀਤੇ ਆਸਮਾਨ ਅੰਦਰ ।

ਗਏ ਗੁੱਸੇ ਵਿਚ ਆ ਕੇ ਵੱਲ ਲੱਖਾਂ,
ਵੱਲ ਵੱਲ ਵੈਰੀ ਐਸੇ ਵਲੇ ਉਹਨਾਂ ।

- ੪੦ -