ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਕੀ ਮੈਂ ਉਸਨੂੰ ਫ਼ੋਨ ਕਰ ਸਕਦਾ ਹਾਂ?"

"ਬਿਲਕੁਲ!" ਇੰਸਪੈਕਟਰ ਨੇ ਕਿਹਾ- "ਪਰ ਮੈਂ ਸਮਝ ਨਹੀਂ ਪਾ ਰਿਹਾ ਕਿ ਤੂੰ ਉਸਨੂੰ ਕਹਿਣਾ ਕੀ ਚਾਹੁੰਨਾ ਏਂ? ਹਾਂ, ਜੇਕਰ ਕੋਈ ਨਿੱਜੀ ਗੱਲ ਉਸਨੂੰ ਕਹਿਣੀ ਹੋਵੇ ਤਾਂ ਹੋਰ ਗੱਲ ਹੈ।"

"ਗੱਲ ਕੀ ਹੋਵੇਗੀ?" ਕੇ. ਗੁੱਸੇ ਦੇ ਬਜਾਏ ਸਦਮੇ ਦੀ ਹਾਲਤ 'ਚ ਚੀਕ ਪਿਆ- "ਤੂੰ ਕਿਹੋ ਜਿਹਾ ਆਦਮੀ ਏਂ? ਮੇਰੇ ਲਈ ਤਾਂ ਤੂੰ ਪਾਬੰਦੀਆਂ ਲਾ ਰਿਹਾ ਏਂ ਪਰ ਆਪ ਤੂੰ ਇੰਨਾ ਅਰਾਜਕ ਵਿਹਾਰ ਕਰ ਰਿਹਾ ਏਂ। ਕਿਸੇ ਨੂੰ ਰੁਆ ਦੇਣਾ ਹੀ ਕਾਫ਼ੀ ਹੈ। ਪਹਿਲਾਂ ਤਾਂ ਇਹਨਾਂ ਲੋਕਾਂ ਦੇ ਵਿਹਾਰ ਦਾ ਗੰਦਾ ਘੜਾ ਮੇਰੇ ਸਿਰ 'ਤੇ ਟੁੱਟਿਆ, ਅਤੇ ਹੁਣ ਇਹ ਮੇਰੇ ਸਿਰ ਤੇ ਇੱਦਾਂ ਖੜੇ ਹਨ ਤਾਂ ਕਿ ਮੈਂ ਤੇਰੀਆਂ ਉਂਗਲਾਂ ’ਤੇ ਨੱਚਦਾ ਰਹਾਂ। ਹੁਣ ਤੂੰ ਪੁੱਛ ਰਿਹਾਂ ਕਿ ਜਦੋਂ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਤਾਂ ਵਕੀਲ ਨੂੰ ਫ਼ੋਨ ਕਰਨ ਦਾ ਮਤਲਬ ਕੀ ਹੈ? ਠੀਕ ਹੈ, ਮੈਂ ਉਸਨੂੰ ਫ਼ੋਨ ਨਹੀਂ ਕਰਾਂਗਾ।"

"ਕਰੋ!" ਇੰਸਪੈਕਟਰ ਨੇ ਹਾਲ 'ਚ ਪਏ ਫ਼ੋਨ ਵੱਲ ਇਸ਼ਾਰਾ ਕੀਤਾ-"ਕਿਰਪਾ ਕਰਕੇ ਉਸਨੂੰ ਫ਼ੋਨ ਕਰੋ।"

"ਨਹੀਂ! ਹੁਣ ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ।" ਕੇ. ਨੇ ਕਿਹਾ ਅਤੇ ਖਿੜਕੀ ਦੇ ਕੋਲ ਚਲਾ ਗਿਆ।

ਉਹ ਲੋਕ ਅਜੇ ਵੀ ਖਿੜਕੀ ਦੇ ਕੋਲ ਖੜੇ ਸਨ ਅਤੇ ਕੇ. ਦਾ ਉੱਧਰ ਜਾਣਾ ਉਹਨਾਂ ਨੂੰ ਠੀਕ ਨਹੀਂ ਲੱਗ ਰਿਹਾ ਸੀ। ਬੁੱਢਾ ਆਦਮੀ ਉੱਠਣ ਦੀ ਕੋਸ਼ਿਸ਼ ਵਿੱਚ ਸੀ ਪਰ ਉਸਦੇ ਪਿੱਛੇ ਬੈਠੇ ਆਦਮੀ ਨੇ ਉਸਨੂੰ ਬੈਠੇ ਰਹਿਣ ਲਈ ਕਿਹਾ।

"ਵੇਖੋ ਤਾਂ ਕੌਣ ਵੇਖ ਰਿਹਾ ਹੈ!" ਕੇ. ਇੰਸਪੈਕਟਰ ਦੇ ਵੱਲ ਮੁੜਕੇ ਚੀਕਿਆ, ਅਤੇ ਆਪਣੀ ਉਂਗਲ ਦਾ ਇਸ਼ਾਰਾ ਕਰਦੇ ਹੋਏ ਬੋਲਿਆ- "ਇੱਥੋਂ ਦੂਰ ਹੋ ਜਾਓ!" ਉਹ ਤਿੰਨੇ ਉੱਥੋਂ ਕੁੱਝ ਕਦਮ ਖਿਸਕ ਗਏ। ਦੋਵੇਂ ਬੁੱਢੇ ਉਸ ਆਦਮੀ ਦੇ ਪਿੱਛੇ ਹੋ ਗਏ ਅਤੇ ਉਸਦੀ ਚੌੜੀ ਪਿੱਠ ਦੇ ਪਿੱਛੇ ਜਾ ਲੁਕੇ, ਜਿਹੜਾ (ਉਸਦੇ ਹਿਲਦੇ ਬੁੱਲਾਂ ਤੋਂ ਮਹਿਸੂਸ ਹੋ ਰਿਹਾ ਸੀ। ਕੁੱਝ ਦੂਰੀ 'ਤੇ ਇੱਧਰ ਨਾ ਸੁਣੀ ਜਾ ਸਕਣ ਵਾਲੀ ਅਵਾਜ਼ ’ਚ ਬੋਲ ਰਿਹਾ ਸੀ। ਭਾਂਵੇ ਉਹ ਹਮੇਸ਼ਾ ਲਈ ਦੂਰ ਨਹੀਂ ਹੋਏ ਸਨ ਅਤੇ ਇੱਦਾਂ ਲੱਗ ਰਿਹਾ ਸੀ ਕਿ ਉਹ ਬਾਰੀ ਦੇ ਕੋਲ ਆਉਣਾ ਚਾਹੁੰਦੇ ਹਨ।

"ਕਿੰਨੇ ਭ੍ਰਿਸ਼ਟ ਅਤੇ ਬੇਮੁਰੱਵਤ ਲੋਕ ਹਨ!" ਕਮਰੇ ਵੱਲ ਵਾਪਸ ਮੁੜਦੇ ਹੋਏ ਕੇ. ਨੇ ਕਿਹਾ। ਜਿਵੇਂ ਇੰਸਪੈਕਟਰ ਉਸ ਨਾਲ ਸਹਿਮਤ ਸੀ। ਜਾਂ ਘੱਟ ਤੋਂ ਘੱਟ

23