ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੈਂ ਅਕਸਰ ਕਿਹਾ ਕਰਦਾ ਹਾਂ ਕਿ ਮੈਂ ਏਸ ਦੁਨੀਆ ਲਈ ਨਹੀਂ ਤੇ ਨਾ ਹੀ ਇਹ ਦੁਨੀਆ ਸ਼ਾਇਦ ਮੇਰੇ ਲਈ ਹੈ, ਪਤਾ ਨਹੀਂ ਰਬ ਨੂੰ ਟੱਪਲਾ ਕਿਉਂ ਲੱਗਾ। ਮੈਨੂੰ ਕਿਸੇ ਹੋਰ ਜੁੱਗ ਵਿਚ ਸੁੱਟਿਆ ਹੁੰਦਾ ਤਾਂ ਚੰਗਾ ਸੀ। ਸੱਚਾਈ ਦਾ ਨਾਂ ਏਸ ਜੱਗ ਤੋਂ ‘ਉਨਕਾ’ ਹੈ ਤੇ ਸੱਚ ਦਾ ਪਰਚਾਰ, ਠੀਕ ਗੱਲ ਦਾ ਕਥਨ ਤੇ ਨੇਕ ਦਿਲੀ ਵਜੋਂ ਨੇਕ ਦਿਲੀ ਦੀ ਉਮੈਦ ਅਕਸਰ ਇਨਸਾਨ ਨੂੰ ਭੈੜਿਆਂ ਬਣਾ ਦੇਂਦੀ ਹੈ। ਮੇਰੀ ਤਬੀਅਤ ਵਿਚ ਵੱਡੀ ਮਹਿਸੂਸ ਕਰਨ ਦੀ ਸ਼ਕਤੀ ਹੈ ਤੇ ਮੈਂ ਜੋ ਕੁਝ ਪਿਆਰ ਵਜੋਂ ਦੇਂਦਾ ਹਾਂ ਉਸ ਦਾ ਅੱਧਾ ਪਚੱਦਾ ਮੁਆਵਜ਼ਾ ਪਿਆਰ ਤੇ ਹਮਦਰਦੀ ਦੀ ਸ਼ਕਲ ਵਿਚ ਚਾਹੁੰਦਾ ਵੀ ਹਾਂ—ਇਹ ਕੁਦਰਤੀ ਹੈ, ਪਰ ਇਹ ਮੰਗ ਜਾਂ ਏਸ ਦੀ ਆਸ ਮੈਨੂੰ ਕਈ ਵੇਰ ਬੁਰਿਆਂ ਬਣਾ ਦੇਂਦੀ ਹੈ। ਦੁਨੀਆਂ ਚਾਹੁੰਦੀ ਹੈ ਕਿ One way traffic ਹੋਵੇ। ਤੁਸੀ ਲੋਕਾਂ ਵਾਸਤੇ ਸਭ ਕੁਝ ਕਰੋ ਪਰ ਉਹਨਾ ਵਲੋਂ All Quiet ਹੋਵੇ-ਕੋਈ ਵਾਪਸੀ ਰਸੀਦ ਨਹੀਂ। ਕਿਸੇ ਏਹੋ ਜਹੇ ਸੁਭਾ ਵਿਚ ਮੈਂ ਇਹ ਨਜ਼ਮ ਲਿਖੀ ਹੈ ਜਦ ਕਿ ਜ਼ਿੰਦਗੀ ਤੋਂ ਸਚ ਮੁਚ ਬੇਜ਼ਾਰ ਸਾਂ।

*

੧੮੦