ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਖਾਨਾ ਬਦੇਸ਼
ਸੋ ਪੰਜਾਹ ਘਰੋਂ ਨਿਕਲ ਕੇ
ਬੇਘਰ ਹੋਏ;
ਅੱਗੇ ਗਊਆਂ
ਪਿੱਛੇ ਬੱਚੇ
ਵਿੱਚ ਵਿੱਚ ਖੋਤੇ
ਚੁੱਕੀ ਜਾਣ ਸਾਮਾਨ।
ਲੱਕੜਾਂ, ਗੋਏ, ਪਾਵੇ ਚੀੜੇ
ਮੈਲ ਨਾਲ ਮਰਯਾਲੇ ਹੋਏ
ਸਭ ਇਹਨਾਂ ਲਈ ਲਾਲ ਜਵਾਹਰ,
ਮੋਤੀਆਂ ਦੀ ਖਾਣ।
ਕਿੱਥੋਂ ਆਏ? ਕਿੱਥੇ ਜਾਣਾ?
ਕੋਈ ਨਹੀਂ ਅਰਮਾਨ।
ਇਹ ਹੈ ਜੀਵਨ
ਸ਼ੌਕ ਤੋਂ ਵਾਂਝਾ,
'ਦੁੱਖ ਸੁਖ ਇਓਂ ਘੁਲੇ ਹੋਏ ਕਿਧਰੇ,
ਵੱਖਰਾ ਨਹੀਂ ਨਿਸ਼ਾਨ।
੧੮੪