ਪੰਨਾ:ਮੇਰੇ ਇਸਤਰੀ ਪਾਤਰ.pdf/1

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਇਸਤਰੀ ਪਾਤਰ

ਮੈਂ ਔਰਤਾਂ ਦੇ ਢਿੱਡ 'ਚ ਵੜ ਕੇ ਇਸਤਰੀ ਪਾਤਰ ਘੜੇ ਨੇ

- ਭਗਵੰਤ ਰਸੂਲਪੁਰੀ

ਦੋ ਦਹਾਕੇ ਤੋਂ ਉਪਰ ਹੋ ਗਏ ਹਨ ਕਹਾਣੀ ਲਿਖਦਿਆਂ, ਕਦੇ ਬੱ ਝਵੇਂ ਰੂਪ ਵਿਚ ਇਸਤਰੀ ਪਾਤਰਾਂ ਬਾਰੇ ਸੋਚਿਆ ਹੀ ਨਹੀਂ ਸੀ। ਭਾਵੇਂ ਕਿ ਇਹ ਇਸਤਰੀ ਪਾਤਰ ਮਰਦ ਪਾਤਰਾਂ ਨਾਲ ਖਹਿ ਕੇ ਵੱਡੇ ਬਣੇ ਹਨ। ਇਨ੍ਹਾਂ ਦੀ ਹੋਂਦ ਮਰਦ ਪਾਤਰਾਂ ਨਾਲ ਬਣੀ ਹੈ ਪ੍ਰੰਤੂ ਇਹ ਮਰਦ ਪਾਤਰਾਂ 'ਤੇ ਐਨੇ ਹਾਵੀ ਹੋ ਗਏ ਕਿ ਵੱਡੇ ਪਾਤਰ ਬਣ ਗਏ। ਮੇਰੇ ਇਹ ਇਸਤਰੀ ਪਾਤਰ ਤਿੰਨ ਕਿਸਮਾਂ ਦੇ ਹਨ। ਇਕ ਕਿਸਮ ਉਨ੍ਹਾਂ ਬੁੱਢੀਆਂ ਔਰਤਾਂ ਦੀ ਹੈ। ਜਿਨ੍ਹਾਂ ਨੇ ਜ਼ਿੰਦਗੀ ਦੇ ਕਈ ਉਤਰਾਅ ਚੜਾਅ ਦੇਖੇ ਹਨ। ਇਹ ਬਹੁਤ ਸ਼ਕਤੀਸ਼ਾਲੀ ਪਾਤਰ ਬਣ ਗਏ ਹਨ। ਸਭ ਤੋਂ ਪਹਿਲਾਂ 'ਕਸੂਰਵਾਰ' ਕਹਾਣੀ ਦੀ 'ਮੈਂ' ਪਾਤਰ ਆਉਂਦੀ ਹੈ। ਜਿਹੜੀ 18 ਸਾਲ ਬੀਤਣ ਦੇ ਬਾਵਜੂਦ ਵੀ ਪਾਠਕਾਂ ਦੇ ਜਿਹਨ ਵਿਚੋਂ ਮਰੀ ਨਹੀਂ ਇਹਦੀ ਉਮਰ ਬਹੁਤ ਲੰਮੀ ਹੋਵੇਗੀ। ਦੂਜੀ ਪਾਤਰ ਕਹਾਣੀ 'ਲੰਘ ਚੱਲੀ' ਦੀ ਬੁੱਢੀ 'ਮੈਂ' ਪਾਤਰ ਹੈ। ਇਨ੍ਹਾਂ ਬੁੱਢੀਆਂ ਦੀ ਖੰਡਤ ਮਨੋਦਸ਼ਾ ਨੂੰ ਮੈਂ ਇਨ੍ਹਾਂ ਕਹਾਣੀਆਂ ਵਿਚ ਚਿਤਰਿਆ ਹੈ। ਦੂਜੀਆਂ ਔਰਤਾਂ ਅਧਖੜ ਉਮਰ ਦੀਆਂ ਹਨ। ਇਹ ਔਰਤਾਂ ਆਪਣੀ ਹੋਂਦ ਨੂੰ ਬਚਾਉਣ ਲਈ ਜਦੋਜਹਿਦ ਕਰਦੀਆਂ ਹਨ। 'ਮਾਸਾਹਾਰੀ', 'ਦੇਵਕੀ ਨਾਲ ਮੁਲਾਕਾਤ', 'ਮਹਾਮਾਯਾ', 'ਡਾਕੂਮੈਂਟਰੀ', 'ਜਨੇਊ' ਕਹਾਣੀਆਂ ਦੀਆਂ ਅੱਧਖੜ ਇਸਤਰੀ ਪਾਤਰ ਹਨ। ਇਹ ਪਾਤਰ ਅੰਦਰੋਂ ਬੜੀਆਂ ਟੁੱਟੀਆਂ ਹੋਈਆਂ ਹਨ। ਇਨ੍ਹਾਂ ਦੀ ਮਾਨਸਿਕਤਾ ਖਿੰਡੀ ਹੋਈ ਹੈ। ਤੀਜੀ ਕਿਸਮ ਕੁਆਰੀਆਂ ਤੇ ਜਵਾਨ ਇਸਤਰੀਆਂ ਦੀ ਹੈ। ਇਹ 'ਇੰਦੂਮਣੀ' ਤੇ 'ਤੀਜਾ ਨੇਤਰ', 'ਦੀਪਾ ਅਜਿਹਾ ਨਹੀਂ' ਕਹਾਣੀਆਂ ਦੀਆਂ ਜੋਬਨ ਮੱਤੀਆਂ ਇਸਤਰੀ ਪਾਤਰ ਹਨ। ਜਵਾਨ ਕੁੜੀਆਂ ਮੇਰੀਆਂ ਕਹਾਣੀਆਂ ਵਿਚ ਐਨੀ ਵੱਡੀ ਮਾਤਰਾਂ ਵਿਚ ਕਿਉਂ ਨਹੀਂ ਆਈਆ। ਇਸ ਗੱਲ ਦੀ ਮੈਨੂੰ ਹੈਰਾਨੀ ਹੁੰਦੀ ਹੈ।

'ਚਾਨਣ ਦੀ ਲੀਕ' ਕਿਤਾਬ ਦੀਆਂ ਮੁਢਲੀਆਂ ਕਹਾਣੀਆਂ ਦੀਆਂ ਇਸਤਰੀਆਂ ਪਾਤਰਾਂ ਬਾਰੇ ਸੋਚਦਾ ਹਾਂ ਤਾਂ ਇਨ੍ਹਾਂ ਇਸਤਰੀ ਪਾਤਰਾਂ ਦੇ ਕੱਦ ਬਹੁਤ ਵੱਡੇ ਨਹੀਂ ਉਭਰਦੇ। ਮਰਦ ਪਾਤਰਾਂ ਤੋਂ ਥੱਲੇ ਹਨ। ਕੋਈ ਵੱਖਰੀ ਦਿੱਖ ਵੀ ਇਨ੍ਹਾਂ ਪਾਤਰਾਂ ਦੀ ਨਹੀਂ ਲੱਭਦੀ। ਇਨ੍ਹਾਂ ਕਹਾਣੀਆਂ ਵਿਚ ਜਿਹੜੇ ਇਸਤਰੀ ਪਾਤਰ ਆਏ ਹਨ ਉਹ ਮਰਦ ਪ੍ਰਤੀ ਵਿਦਰੋਹੀ ਸੁਰ ਰੱਖਦੇ ਹਨ। ਇਹਦੇ ਕਾਰਨ ਮਰਦ ਪਾਤਰਾਂ ਦਾ ਦਾਬਾ ਤੇ ਜੁਲਮ ਹੈ। ਉਦੋਂ ਮੇਰੇ ਮਨ 'ਤੇ ਅਚੇਤ ਹੀ ਪ੍ਰਗਤੀਵਾਦੀ ਸਾਹਿਤ ਦਾ ਪ੍ਰਭਾਵ ਪਿਆ ਲੱਗਦਾ ਹੈ। ਇਹ ਦੌਰ ਮੁਢਲਾ ਸੀ। ਢੇਰਾ ਦਾ ਢੇਰ ਸਾਹਿਤ ਪੜ੍ਹਦੇ ਸੀ ਅਤੇ ਇਹੋ ਜਿਹੇ ਪਾਤਰ ਘੜ ਹੋਣੇ ਸੁਭਾਵਿਕ ਸੀ। ਮੇਰੇ ਜਿਹਨ ਵਿਚ ਉਸ ਦੌਰ ਦੀ ਕਹਾਣੀ 'ਸੂਰਜ ਦੀ ਕਿਰਨ' ਆਉਂਦੀ ਹੈ। ਇਹ ਕਹਾਣੀ 1990 ਦੇ ਆਸਪਾਸ ਦੀ ਲਿਖੀ ਹੋਈ ਹੈ। ਇਸ ਕਹਾਣੀ ਦੀ ਇਸਤਰੀ ਪਾਤਰ 'ਚਰਨੋ' ਮੇਰੇ ਜਿਹਨ ਵਿਚ ਆਉਂਦੀ ਹੈ। ਜਿਹਦਾ ਪਤੀ ਸ਼ਰਾਬੀ ਹੈ। ਚਰਨੋ ਖੇਤਾਂ ਵਿਚ ਦਿਹਾੜੀਆਂ ਕਰਦੀ ਹੈ। ਉਹਦੀ ਸੱਸ ਦਾ ਵਿਵਹਾਰ ਉਹਦੇ ਪ੍ਰਤੀ ਮਾੜਾ ਹੈ। ਚਰਨੋ ਖੇਤਾਂ ਵਿਚ ਆਲੂ ਪੁੱਟਣ ਜਾਂਦੀ ਹੈ। ਉਹਦੀ ਇਕ ਕੁੜੀ ਹੈ 'ਕਿਰਨ' ਮੈਂ ਕਹਾਣੀ ਦਾ ਅੰਤ ਇਸ ਤਰ੍ਹਾਂ ਕਰਦਾ ਹਾਂ ਕਿ ਕੁੜੀ ਪਿਓ ਦੇ ਵਿਵਹਾਰ ਤੋਂ ਬਾਗੀ ਹੋ ਕੇ ਆਪਣੀ ਮਾਂ ਵੱਲ