ਪੰਨਾ:ਮੈਂ ਨਾਸਤਿਕ ਕਿਉਂ ਹਾਂ? – ਭਗਤ ਸਿੰਘ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਿਹੋ ਜਿਹੀ ਹੈ ? ਤੁਸੀਂ ਆਖਦੇ ਹੋ ਕਿ ਉਹ ਉਹਨਾਂ ਨੂੰ ਗਾਂ, ਬਿੱਲੀ, ਦਰੱਖ਼ਤ, ਜੜ੍ਹੀ ਬੂਟੀ ਜਾਂ ਜਾਨਵਰ ਦੇ ਰੂਪ ਵਿੱਚ ਜਨਮ ਲੈਣ ਲਈ ਭੇਜਦਾ ਹੈ। ਤੁਸੀਂ ਇਨ੍ਹਾਂ ਸਜ਼ਾਵਾਂ ਦੀ ਗਿਣਤੀ 84 ਲੱਖ ਦੱਸਦੇ ਹੋ। ਮੈਨੂੰ ਇਹ ਦੱਸੋ ਕਿ ਇਸ ਦਾ ਮਨੁੱਖ ਉੱਤੇ ਕੋਈ ਸੁਧਾਰਕ ਅਸਰ ਪੈਂਦਾ ਹੈ ? ਤੁਸੀਂ ਐਸੇ ਕਿੰਨੇ ਕੁ ਜਣਿਆਂ ਨੂੰ ਮਿਲੇ ਹੋ, ਕਿ ਉਹ ਪਾਪ ਕਰਨ ਕਾਰਨ ਪਿਛਲੇ ਜਨਮ ਵਿੱਚ ਗਧੇ ਦੀ ਜੂਨ ਪਏ ਸਨ ? ਕੋਈ ਨਹੀਂ ਮਿਲਿਆ ਹੋਣਾ। ਆਪਣੇ ਪੁਰਾਣਾ ਦੇ ਬਿਰਤਾਂਤ ਦੀ ਲੋੜ ਨਹੀਂ। ਮੈਂ ਤੁਹਾਡੀਆਂ ਮਿਥਿਹਾਸਿਕ ਕਹਾਣੀਆਂ ਦਾ ਜ਼ਿਕਰ ਤੱਕ ਨਹੀਂ ਛੂਹਣਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਪਾਪ ਗ਼ਰੀਬ ਹੋਣਾ ਹੈ। ਗ਼ਰੀਬੀ ਪਾਪ ਹੈ, ਸਜ਼ਾ ਹੈ। ਤੁਸੀਂ ਇਹੋ ਜਿਹੀਆਂ ਸਜ਼ਾਵਾਂ ਤਜਵੀਜ਼ ਕਰਨ ਵਾਲੇ ਕਿਸੇ ਅਪਰਾਧ-ਵਿਗਿਆਨੀ, ਕਿਸੇ ਕਾਨੂੰਨਦਾਨ ਜਾਂ ਕਾਨੂੰਨਸਾਜ਼ ਦੀ ਕਿੰਨੀ ਕੁ ਸਿਫ਼ਤ-ਸਲਾਹੀ ਕਰੋਗੇ, ਜਿਸ ਨਾਲ਼ ਮਨੁੱਖ ਹੋਰ ਵਧੇਰੇ ਗੁਨਾਹ ਕਰਨ ਲਈ ਮਜ਼ਬੂਰ ਹੁੰਦਾ ਹੈ ? ਕੀ ਤੁਹਾਡੇ ਰੱਬ ਨੇ ਇਸ ਗੱਲ ਬਾਰੇ ਪਹਿਲਾਂ ਨਹੀਂ ਸੋਚਿਆ ਸੀ ਜਾਂ ਉਹ ਵੀ ਇਹ ਗੱਲਾਂ ਮਨੁੱਖਤਾਂ ਦੀਆਂ ਅਕਹਿ ਦੁੱਖ-ਤਕਲੀਫ਼ਾਂ ਦੀ ਕੀਮਤ ਉੱਤੇ ਤਜ਼ਰਬਿਆਂ ਰਾਹੀਂ ਸਿੱਖਦਾ ਹੈ। ਤੁਹਾਡੀ ਜਾਚੇ ਕਿਸੇ ਚਮਾਰ ਜਾਂ ਭੰਗੀ ਦੇ ਅਨਪੜ੍ਹ ਪਰਿਵਾਰ ਵਿੱਚ ਜੰਮੇ ਬੰਦੇ ਦੀ ਕੀ ਹੋਣੀ ਹੋਏਗੀ ? ਉਹ ਗ਼ਰੀਬ ਹੈ, ਇਸ ਲਈ ਉਹ ਪੜ੍ਹਾਈ ਨਹੀਂ ਕਰ ਸਕਦਾ। ਖ਼ੁਦ ਨੂੰ ਚੰਗੇ ਸਮਝਣ ਵਾਲੇ ਦੂਜੇ ਇਨਸਾਨ ਉਸਨੂੰ ਨਫ਼ਰਤ ਕਰਦੇ ਹਨ ਤੇ ਧੱਰਕਾਰਦੇ ਹਨ, ਕਿਉਂਕਿ ਉਹ ਉਚੇਰੀ ਜਾਤ ਵਿੱਚ ਪੈਦਾ ਹੋਏ ਸਨ। ਉਸਦੀ ਅਗਿਆਨਤਾ ਉਸਦੀ ਗ਼ਰੀਬੀ ਤੇ ਜਿਹੜਾ ਸਲੂਕ ਉਸਦੇ ਨਾਲ਼ ਹੁੰਦਾ ਹੈ, ਇਨ੍ਹਾਂ ਸਾਰੀਆਂ ਗੱਲਾਂ ਕਾਰਨ ਸਮਾਜ ਤਾਈਂ ਉਸਦਾ ਦਿਲ ਸਖ਼ਤ ਹੋ ਜਾਏਗਾ। ਫ਼ਰਜ ਕਰੋ ਕਿ ਉਹ ਕੋਈ ਪਾਪ ਕਰਦਾ ਹੈ, ਤਾਂ ਇਸਦਾ ਖ਼ਮਿਆਜ਼ਾ ਕੌਣ ਭੁਗਤੇਗਾ ? ਰੱਬ ਜਾਂ ਪਾਪ ਕਰਨ ਵਾਲਾ ਜਾਂ ਸਮਾਜ ਦੇ ਗੁਣੀ ਗਿਆਨੀ ਬੰਦੇ ? ਉਨ੍ਹਾਂ ਲੋਕਾਂ ਨੂੰ ਮਿਲੀਆਂ ਸਜ਼ਾਵਾਂ ਬਾਰੇ ਤੁਸੀਂ ਕੀ ਆਖੋਗੇ ਜਿਨ੍ਹਾਂ ਨੂੰ ਹਿਰਸੀ ਤੇ ਹੰਕਾਰੀ ਬ੍ਰਾਹਮਣਾਂ ਨੇ ਜਾਣ ਬੁਝ ਕੇ ਅਗਿਆਨਤਾ ਦੀਆਂ ਗ਼ਾਰਾਂ ਵਿੱਚ ਸੁੱਟਿਆ ਸੀ। ਉਨ੍ਹਾਂ ਦਾ ਕਸੂਰ ਇਹੋ ਸੀ ਕਿ ਉਨ੍ਹਾਂ ਪਾਪੀਆਂ ਨੇ ਤੁਹਾਡੇ ਗਿਆਨ ਦੀਆਂ ਪੋਥੀਆਂ ਵੇਦਾਂ ਦੀਆਂ ਕੁੱਝ ਸਤਰਾਂ ਆਪਣੇ ਕੰਨੀਂ ਸੁਣ ਲਈਆਂ ਸਨ ਅਤੇ ਤੁਸੀਂ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਸੀ, ਜੇ ਉਨ੍ਹਾਂ ਨੇ ਕੋਈ ਕਸੂਰ ਕੀਤਾ ਸੀ ਤਾਂ ਇਸਦਾ ਜ਼ਿੰਮੇਵਾਰ ਕੌਣ ਸੀ ਤੇ ਬਿਪਤਾ ਕਿਸ ਦੇ ਸਿਰ ਪੈਣੀ ਸੀ ? ਮੇਰੇ ਪਿਆਰੇ ਦਸਤੋ: ਇਹ ਸਾਰੇ ਸਿਧਾਂਤ ਖ਼ਾਸ ਅਧਿਕਾਰਾਂ ਦੇ ਮਾਲਕਾਂ ਦੀਆਂ ਕਾਢਾਂ ਹੀ ਹਨ, ਇਨ੍ਹਾਂ ਸਿਧਾਂਤਾਂ ਸਦਕਾ ਹੀ ਉਹ ਆਪਣੀ ਲੁੱਟੀ ਹੋਈ ਤਾਕਤ ਦੌਲਤ ਤੇ ਉੱਤਮਤਾ ਨੂੰ ਵਾਜਬ ਠਹਿਰਾਉਂਦੇ ਹਨ। ਹਾਂ ਸ਼ਾਇਦ ਅਪਟਨ ਸਿਨਕਲੇਅਰ ਨੇ ਕਿਸੇ ਥਾਂ ਲਿਖਿਆ ਸੀ ਕਿ ਬੰਦੇ ਨੂੰ (ਆਤਮਾ ਦੀ) ਅਮਰਤਾ ਵਿੱਚ ਯਕੀਨ ਕਰਨ ਲਾ ਦਿਓ ਅਤੇ ਫੇਰ ਉਸਦੇ ਕੋਲ ਜੋ ਕੁੱਝ ਵੀ ਹੈ, ਉਹ ਲੁੱਟ ਲਓ। ਉਹ ਸਗੋਂ ਹੱਸ ਕੇ ਤੁਹਾਡੀ ਮਦਦ ਕਰੇਗਾ। ਧਾਰਮਿਕ ਉਪਦੇਸ਼ਕਾਂ ਤੇ ਹੁਕਮਰਾਨਾਂ ਨੇ ਮਿਲੀ ਭੁਗਤ ਕਰਕੇ ਜੇਲ੍ਹਾਂ, ਫਾਹੀਆਂ, ਕੋਰੜੇ ਤੇ ਇਨ੍ਹਾਂ