ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਵੇਸ਼

ਪੰਜਾਬੀ ਬਾਲ ਸਾਹਿਤ ਦੇ ਮਹੱਤਵ ਨੂੰ ਪਛਾਣਿਆ ਜਾਣ ਲੱਗ ਪਿਆ ਹੈ। ਨਵੀਂ ਪੀੜ੍ਹੀ ਦੇ ਜਿਹੜੇ ਲੇਖਕ ਇਸ ਪਿੜ ਨਾਲ ਵਿਸ਼ੇਸ਼ ਤੌਰ ਤੇ ਜੁੜੇ ਹਨ, ਉਨ੍ਹਾਂ ਵਿੱਚ ਚਰਨ ਪੁਆਧੀ ਦਾ ਨਾਂ ਜ਼ਿਕਰਯੋਗ ਹੈ, ਜਿਸ ਦੀਆਂ ਬਾਲ ਸਾਹਿਤ ਰਚਨਾਵਾਂ ਅਕਸਰ ਅਖ਼ਬਾਰਾਂ-ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ।
ਹਰਿਆਣਾ ਪ੍ਰਾਂਤ ਦੇ ਵਾਸੀ ਚਰਨ ਪੁਆਧੀ ਨੇ ਭਾਵੇਂ ਪ੍ਰੌੜ ਸਾਹਿਤ ਅਤੇ ਸੰਪਾਦਕ ਦੇ ਖਿੱਤੇ ਵਿੱਚ ਵੀ ਕੰਮ ਕੀਤਾ ਹੈ, ਪਰ ਬਾਲ ਸਾਹਿਤ ਦੀ ਘਾਟ ਦੇ ਅਹਿਸਾਸ ਨੇ ਉਸ ਨੂੰ ਪੰਜਾਬੀ ਬਾਲਾਂ ਲਈ ਵੀ ਸੋਚਣ ਲਈ ਮਜਬੂਰ ਕੀਤਾ ਹੈ। ਚਰਨ ਜਾਣਦਾ ਹੈ ਕਿ ਬਾਲ-ਸਾਹਿਤ ਦੀ ਰਚਨਾ ਇੰਨੀ ਆਸਾਨ ਅਤੇ ਸਰਲ ਨਹੀਂ ਜਿੰਨੀ ਵੇਖਣ ਵਿੱਚ ਲੱਗਦੀ ਹੈ। ਅਸਲ ਵਿੱਚ ਇਹ ਬੜੀ ਸਾਵਧਾਨੀ ਵਾਲਾ ਕਾਰਜ ਹੈ। ਬੱਚੇ ਦਾ ਮਨ ਕੋਰੀ ਸਲੇਟ ਵਾਂਗ ਹੁੰਦਾ ਹੈ। ਉਸ ਲਈ ਔਖੇ, ਭਾਰੇ ਤੇ ਸਮਝੋਂ ਬਾਹਰ ਆਉਣ ਵਾਲੇ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਚਰਨ ਆਪਣੀ ਬਾਲ-ਸਾਹਿਤ ਰਚਨਾ ਵਿੱਚ ਪ੍ਰਕ੍ਰਿਤੀ ਅਤੇ ਨੈਤਿਕ ਕਦਰਾਂ ਕੀਮਤਾਂ ਦੀਆਂ ਗੱਲਾਂ ਕਰਦਾ ਹੈ। ਚਿੜੀ-ਜਨੌਰ, ਫੁੱਲ-ਫਲ, ਜਲ-ਪੌਣ, ਚੰਨ, ਸੂਰਜ, ਸਿਤਾਰੇ, ਤਿਤਲੀ ਆਦਿ ਉਸ ਦੀਆਂ ਬਾਲ ਰਚਨਾਵਾਂ ਵਿੱਚ ਸ਼ਾਮਲ ਹਨ। ਚਰਨ ਪੁਆਧੀ ਬੱਚਿਆਂ ਨੂੰ ਆਪਣੇ ਵਿਰਸੇ ਪ੍ਰਤੀ ਸੁਚੇਤ ਕਰਦਾ ਹੈ ਅਤੇ ਆਪਣੀ ਮਾਂ ਬੋਲੀ ਦਾ ਮਹੱਤਵ ਪਛਾਨਣ ਦੀ ਲੋੜ 'ਤੇ ਜ਼ੋਰ ਦਿੰਦਾ ਹੈ। ਏਹੀ ਨਹੀਂ ਉਹ ਬਾਲ-ਪਾਠਕਾਂ ਨੂੰ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸੰਕਲਪ ਨੂੰ ਵੀ ਦ੍ਰਿੜ੍ਹ ਕਰਵਾਉਂਦਾ ਹੈ। ਬਾਲ ਸਾਹਿਤ ਬੱਚਿਆਂ ਦਾ ਹਾਣੀ ਤਾਂ ਹੀ ਬਣ ਸਕਦਾ ਹੈ, ਜੇਕਰ ਉਹ ਉਮਰ-ਜੁੱਟ ਅਤੇ ਬਾਲ ਮਨੋਵਿਗਿਆਨਕ ਲੋੜਾਂ ਨੂੰ ਮੁੱਖ ਰੱਖ ਕੇ ਲਿਖਿਆ ਜਾਵੇ। ਕਵੀ ਨੇ ਇਨ੍ਹਾਂ ਲੋੜਾਂ ਅਤੇ ਜ਼ਰੂਰਤਾਂ ਦਾ ਪੂਰਾ ਖ਼ਿਆਲ ਰੱਖਿਆ ਹੈ।
ਚਰਨ ਪੁਆਧੀ ਨੇ ਇਸ ਬਾਲ-ਕਾਵਿ ਸੰਗ੍ਰਹਿ ਰਾਹੀਂ ਬਾਲਾਂ ਨੂੰ ਉਸਾਰੂ ਸੁਨੇਹੇ ਦਿੱਤੇ ਹਨ, ਲੋਕ-ਸਾਹਿਤ ਅਤੇ ਹਾਸ ਵਿਅੰਗ ਦੀਆਂ ਛੋਹਾਂ ਨਾਲ ਆਪਣੀਆਂ ਰਚਨਾਵਾਂ ਨੂੰ ਪੜ੍ਹਨਯੋਗ ਬਣਾਇਆ ਹੈ। ਮੈਂ ਆਸ ਕਰਦਾ ਹਾਂ ਕਿ ਬੱਚੇ ਇਨ੍ਹਾਂ ਕਵਿਤਾਵਾਂ ਨੂੰ ਚਾਅ ਨਾਲ ਪੜ੍ਹਨਗੇ। ਬਾਲ ਸਾਹਿਤ ਪਿੜ ਵਿੱਚ ਇਸ ਪੁਸਤਕ ਦਾ ਸੁਆਗਤ ਹੈ।

ਮਿਤੀ 20 ਜਨਵਰੀ 2012

ਦਰਸ਼ਨ ਸਿੰਘ 'ਆਸ਼ਟ'

ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ
ਮੋਬਾਇਲ ਨੰਬਰ 98144-23703