ਪੰਨਾ:ਰਾਜਾ ਧਿਆਨ ਸਿੰਘ.pdf/57

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਅਤੇ ਮਹਾਰਾਜਾ ਖੜਕ ਸਿੰਘ ਦਾ ਹਮੇਸ਼ਾਂ ਲਈ ਵਫਾਦਾਰ ਰਹਾਂਗਾ ਤੇ ਸਿੱਖ ਰਾਜ ਦੀ ਜਾਨ ਨਾਲ ਹਿਫਾਜ਼ਤ ਕਰਾਂਗਾ।’’

‘‘ਮਹਾਰਾਜ ਨੇ ਦੋਹਾਂ ਨੂੰ ਅਸ਼ੀਰਵਾਦ ਦਿਤੀ ਤੇ ਫੇਰ ਹੋਰ ਸ੍ਰਦਾਰਾਂ ਨੂੰ ਕਹਿਣਾ ਸ਼ੁਰੂ ਕੀਤਾ।

‘‘ਸਿਖ ਰਾਜ ਦਿਓ ਬਹਾਦਰ ਸ੍ਰਦਾਰੋ ਤੇ ਸਾਡੇ ਪਿਆਰਿਓ! ਅਸੀਂ ਜਾ ਰਹੇ ਹਾਂ, ਓਥੇ ਜਿਥੇ ਜਾ ਕੇ ਹਾਲਾਂ ਤਕ ਨਾ ਕੋਈ ਮੁੜਿਆ ਹੈ ਤੇ ਨਾਹੀ ਮੁੜੇਗਾ। ਆਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੇਸਰੀ ਝੰਡਾ ਉਚਾ ਰਖਣ ਲਈ ਜਿਨ੍ਹਾਂ ਕਠਿਨਾਈਆਂ ਨਾਲ ਸਿੱਖ ਰਾਜ ਦਾ ਇਹ ਸ਼ਾਨਦਾਰ ਮਹੱਲ ਉਸਾਰਿਆ ਏ, ਤੁਹਾਡੇ ਵਿਚੋਂ ਇਕ ਇਕ ਇਸ ਗਲ ਨੂੰ ਚੰਗੀ ਤਰ੍ਹਾਂ ਜਾਣਦਾ ਏ। ਸਾਡੇ ਜੁਵਾਨਾਂ ਦੀਆਂ ਹੱਡੀਆਂ, ਮਿਜ ਤੇ ਖੂਨ ਨਾਲ ਬਣਿਆ ਜੇ ਇਹ ਮਹੱਲ-ਤੇ ਤੁਸੀ ਹੋ ਇਸਦੀਆਂ ਥੰਮੀਆਂ। ਮੇਰੇ ਪਿਛੋਂ ਇਹ ਤੁਹਾਡੇ ਆਸਰੇ ਈ ਜੇ। ਵੇਖਣਾ ਕਿਤੇ ਇਹ ਡਿਗ.........।’’

ਇਹ ਕਹਿੰਦੇ ਕਹਿੰਦੇ ਸ਼ੇਰੇ ਪੰਜਾਬ ਦੀ ਜ਼ਬਾਨ ਰੁਕ ਗਈ। ਹਕੀਮ ਫੇਰ ਦਵਾਈ ਲੈ ਕੇ ਅਗੇ ਵਧੇ ਪਰ ਸ਼ੇਰੇ ਪੰਜਾਬ ਉਨ੍ਹਾਂ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿਤਾ। ਇਸ ਤੋਂ ਕੁਝ ਦੇ ਪਿਛੋਂ ਮਹਾਰਾਜ ਨੇ ਫੇਰ ਬੋਲਣ ਦਾ ਯਤਨ ਕੀਤਾ ਪਰ ਵਾਰ ਜ਼ਬਾਨ ਨੇ ਪੂਰੀ ਤਰ੍ਹਾਂ ਸਾਥ ਨਹੀਂ ਦਿਤਾ। ਇਸ ਪਰ ਉਸ ਨੇ ਪਾਸਾ ਪਰਤ ਕੇ ਇਕ ਅਖ ਨਾਲ ਸਰਦਾਰਾਂ ਵਲ ਤੱਕਿਆ, ਸਾਰਿਆਂ ਦੀਆਂ ਅੱਖਾਂ ਭਿਜੀਆਂ ਹੋਈਆਂ ਸਨ। ਮਹਾਰਾਜ ਫੇਰ ਸਿਧੇ ਲੰਮੇ ਪੈ ਗਏ। ਪਲ ਕੁ ਪਿਛੋਂ ਉਨ੍ਹਾਂ ਦੀਆਂ ਅੱਖਾਂ ਪਥਰਾ ਚੁਕੀਆਂ ਸਨ, ਨਬਜ਼ ਬੰਦ ਹੋ ਗਈ ਸੀ ਤੇ ਦਿਲ

-੫੩-