(14)
ਕਿਹਾ ਕੋਕਲਾਂ ਨੇਕ ਸਨ ਕਰਮ ਤੇਰੇ ਦਗੇ ਨਾਲ ਤੂੰ ਜਾਨ ਬਚਾਏ ਗਿਓਂ। ਵੈਰ ਆਪਣਾ ਮੂਲ ਨ ਛਡਿਉ ਈ ਮੇਰੇ ਨਾਲ ਤੂੰ ਘਾਤ ਕਮਾਏ ਗਿਓਂ। ਤੇਰੀ ਇਕ ਮੈਨਾਂ ਪਿਛੇ ਦੋ ਮੋਏ ਰਾਜਾ ਆਪਣਾ ਆਪ ਬਚਾਏ ਗਿਓਂ। ਕਿਸ਼ਨ ਸਿੰਘ ਹੋਡੀ ਪਿਛੇ ਮੋਈ ਮੈਂ ਵੀ ਪੰਖੀ ਹੋਏ ਕੇ ਫੰਦ ਚਲਾਏ ਗਿਓਂ ॥੬੮॥
ਰਾਜੇ ਆਖਿਆ ਨਾਰ ਪਰ ਵਾਰ ਕਰਨਾ ਨਾਹੀਂ ਮਰਦ ਤਾਈਂ ਭਲਾ ਡਾਰੀਏ ਨੀ। ਨਹੀਂ ਮਾਰ ਤਲਵਾਰ ਕਰ ਚਾਰ ਟੁਕੜੇ ਅਗੇ ਕੁੱਤਿਆਂ ਦੇ ਹੁਣ ਡਾਰੀਏ ਨੀ। ਹੋਵੇ ਰੰਨ ਬਦਕਾਰ ਛਨਾਰ ਭੈੜੀ ਇਕੇ ਮਾਰੀਏ ਇਕੇ ਨਿਕਾਰੀਏ ਨੀ। ਕਿਸ਼ਨ ਸਿੰਘ ਕੀ ਭੁਖ ਕੀ ਦੁਖ ਆਹਾ ਵਿਭਚਾਰ ਕੀਤੇ ਵਿਭਚਾਰੀਏ ਨੀ ॥੬੯॥
ਰਾਣੀ ਕੋਕਲਾਂ ਇਕ ਕਲਾਮ ਕੀਤੀ ਕਹਿੰਦੀ ਮਾਰਿਆ ਹਾਰ ਤਕਦੀਰ ਮੈਨੂੰ। ਸੂਰਤ ਹੋਡੀ ਦੀ ਦੇਖ ਕੇ ਭੁਲ ਗਈ ਕੀਤਾ ਇਸ਼ਕ ਨੇ ਮਾਰ ਹਕੀਰ ਮੈਨੂੰ। ਮੇਰਾ ਯਾਰ ਮੋਇਆ ਮੈਂ ਭੀ ਨਾਲ ਮਰਸਾਂ ਗਿਆ ਤੀਰ ਵਿਛੋੜੇ ਦਾ ਚੀਰ ਮੈਨੂੰ। ਕਿਸ਼ਨ ਸਿੰਘ ਜੀਵਨ ਬਾਝ ਜਾਨੀਆਂ ਦੇ ਨਾਹੀਂ ਭਾਂਵਦਾ ਇਹ ਸਰੀਰ ਮੈਨੂੰ ॥੭੦॥
ਰਾਂਣੀ ਕੋਕਲਾਂ ਮਹਿਲ ਤੋਂ ਡਿਗ ਮੋਈ ਅਤੇ ਰਾਜੇ ਰਸਾਲੂ ਸੱਸਕਾਰ ਕੀਤਾ। ਧੌਲਰ ਛੱਡ ਸਿਰਕੱਪ ਦੇ ਪਾਸ ਗਿਆ ਸਾਰਾ ਹਾਲ ਆਏ ਇਜ਼ਹਾਰ ਕੀਤਾ। ਸੁਣੀ ਗੱਲ ਸਿਰਕਪ ਨੇ ਦੰਗ ਹੋਇਆ ਰੋਏ ਧੋਏ ਕੇ ਸ਼ੁਕਰ ਗੁਜ਼ਾਰ ਕੀਤਾ। ਕਿਸ਼ਨ ਸਿੰਘ ਪਿਆਰੇ ਇਹਨਾ ਨਾਰੀਆਂ ਨੇ ਕਿਸ ਕਿਸ ਨੂੰ ਨਹੀਂ ਖੁਆਰ ਕੀਤਾ ॥੭੧॥
ਮਜਨੂੰ ਲੇਲਾਂ ਦੇ ਇਸ਼ਕ ਨੇ ਗਰਦ ਕੀਤਾ ਰਾਂਝਾ ਹੀਰ ਦੇ ਮਗਰ ਫਕੀਰ ਹੋਇਆ। ਚੰਦਨ ਬਦਨ ਨੇ ਯਾਰ ਨੂੰ ਮਾਰ ਦਿਤਾ ਪੁਨੂੰ ਨਾਲ ਸੱਸੀ ਦਾ ਮਨਗੀਰ ਹੋਇਆ। ਮਿਰਜ਼ਾ ਸਾਹਿਬਾਂ ਦੇ ਪਿਛੇ ਜਲ ਮੋਇਆ ਮਹੀਂਵਾਲ ਦੇਖੋ ਗਹਿਰੇ ਨੀਰ ਖੋਇਆ। ਕਿਸ਼ਨ ਸਿੰਘ ਜਹਾਨ ਨੂੰ ਜਾਨ ਪੰਖੀ ਜਾਲੀ ਜ਼ੁਲਫ ਦੀ ਵਿਚ ਅਸੀਰ ਹੋਇਆ ॥੭੨॥