ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਾਰ-ਚਿਨਾਰੀ ਜਾ ਕੇ ਉਹ ਸਾਰੇ ਤੁਰੇ-ਫਿਰੇ, ਇੱਕ-ਇੱਕ ਪਿਆਲਾ ਕੌਫ਼ੀ ਦਾ ਵੀ ਪੀਤਾ, ਵੀਹ ਮਿੰਟ ਗੁਜ਼ਰ ਚੁੱਕੇ ਸਨ। ਅਨਿਲ ਮਲਵੀਂ ਜਿਹੀ ਜੀਭ ਨਾਲ ਵਾਰ-ਵਾਰ ਬਲਕਰਨ ਨੂੰ ਯਾਦ ਕਰਵਾ ਰਿਹਾ ਸੀ- “ਚੱਲ ਉੱਠ ਯਾਰ! ਟਾਈਮ ਨੂੰ ਲੈ ਕੇ ਇਹ ਫਿਰ ਝਗੜਾ ਪਾਊ।"

“ਤੂੰ ਚੁੱਪ ਰਹਿ। ਮੈਂ ਆਪੇ ਨਿਬੜੂੰ ਇਹਦੇ ਨਾਲ। ਇਹ ਬਦੇਸ਼ੀ ਟੂਰਿਸਟਾਂ ਨੂੰ ਲੁੱਟਣ ਗਿੱਝੇ ਨੇ, ਭੈਣ ਦੇ... ਜਾਂ ਹਨੀਮੂਨ 'ਤੇ ਆਏ ਜੋੜੇ ਇਨ੍ਹਾਂ ਤੋਂ ਮਾਰ ਖਾ ਜਾਂਦੇ ਨੇ। ਦੇਖੀਂ ਸਹੀ, ਇੱਕ ਦਸੀ ਵੀ ਵੱਧ ਨਹੀਂ ਦੇਣੀ ਇਹਨੂੰ ਮੈਂ।"

ਉਹ ਸ਼ਿਕਾਰੇ ਵਿੱਚ ਆ ਕੇ ਬੈਠੇ। ਸ਼ਿਕਾਰੇ ਵਾਲਾ ਚੁੱਪ-ਚਾਪ ਚੱਪੂ ਮਾਰਨ ਲੱਗਿਆ ਤੇ ਫਿਰ ਥੋੜ੍ਹੀ ਦੂਰ ਜਾ ਕੇ ਉਹ ਗਾਈਡ ਦਾ ਰੋਲ ਵੀ ਅਦਾ ਕਰਨ ਲੱਗ ਪਿਆ। ਆਸੇ-ਪਾਸੇ ਦੀਆਂ ਬਿਲਡਿੰਗਾਂ ਬਾਰੇ ਦੱਸਦਾ ਜਾ ਰਿਹਾ ਸੀ। ਬਲਕਰਨ ਉਹਦਾ ਹੁੰਗਾਰਾ ਭਰਦਾ। ਕਦੇ-ਕਦੇ ਉਹ ਅਨਿਲ ਵੱਲ ਝਾਕਦਾ ਤੇ ਮੁਸਕਰਾਉਂਦਾ ਤੇ ਫਿਰ ਸ਼ਿਕਾਰੇ ਵਾਲਾ ਚੁੱਪ ਹੋ ਗਿਆ। ਉਹ ਦੋਵੇਂ ਆਪਣੀਆਂ ਗੱਲਾਂ ਕਰਨ ਲੱਗੇ। ਡਲ-ਗੇਟ 'ਤੇ ਆ ਕੇ ਉਹ ਸ਼ਿਕਾਰੇ ਵਿੱਚੋਂ ਉੱਤਰੇ। ਬਲਕਰਨ ਨੇ ਆਪਣੀ ਪੈਂਟ ਦੀ ਹਿੱਪ-ਪਾਕਿਟ ਵਿੱਚੋਂ ਬਟੂਆ ਕੱਢਿਆ। ਬਾਈ ਰੁਪਏ ਗਿਣ ਕੇ ਸ਼ਿਕਾਰੇ ਵਾਲੇ ਵੱਲ ਵਧਾਏ। ਉਹਨੇ ਚੁੱਪ ਕਰਕੇ ਨੋਟ ਫੜ ਲਏ। ਗਿਣੇ ਵੀ ਨਹੀਂ। ਨਾ ਹੀ ਬਲਕਰਨ ਵੱਲ ਉਹ ਝਾਕਿਆ।

ਬਲਕਰਨ ਨੇ ਪੁਲ ਉੱਤੇ ਆ ਕੇ ਆਪਣਾ ਮਖ਼ਸੂਸ ਚੀਕਵਾਂ ਠਹਾਕਾ ਮਾਰਿਆ ਤੇ ਅਨਿਲ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ- “ਕਿਉਂ ਦੇਖਿਆ, ਇਹ ਦੁਨੀਆ ਜੁੱਤੀ ਦੀ ਯਾਰ ਐ। ਫੜ ਲਏ ਨਾ ਚੁੱਪ ਕਰਕੇ ਬਾਈ ਰੁਪਈਏ ਈ। ਜਿੱਥੇ ਵੀ ਤੁਹਾਨੂੰ ਗਲਤ ਲੱਗਦੈ, ਬਸ ਜੁੱਤੀ ਕੱਢ ਲਓ, ਤਦੇ ਜਿਉਂ ਸਕਦੇ ਓ। ਨਹੀਂ ਤਾਂ ਕੁੱਤਿਆਂ ਬਿੱਲਿਆਂ ਵਰਗੀ ਜੂਨ ਸਾਰੇ ਭੋਗੀ ਈ ਜਾਂਦੇ ਨੇ। ਦੁਨੀਆ ਡਰਦਿਆਂ ਨੂੰ ਡਰੌਂਦੀ ਐ।”

ਅਗਲੀ ਸਵੇਰ ਯੂਥ ਹੋਸਟਲ ਵਿੱਚੋਂ ਕਮਰਾ ਛੱਡਣ ਵੇਲੇ ਉਹ ਪੌੜੀਆਂ ਉੱਤਰ ਰਹੇ ਸਨ। ਮੈਨੇਜਰ ਆਪਣੇ ਦਫ਼ਤਰ ਵਿੱਚ ਬੈਠਾ ਸੀ। ਮੋਢੇ ਏਅਰ ਬੈਗ ਲਟਕਾਈ ਤੇ ਹਿੱਕ ਕੱਢ ਕੇ ਦੜਦੜਾਉਂਦਾ ਬਲਕਰਨ ਉਹਦੇ ਸਾਹਮਣੇ ਜਾ ਖੜ੍ਹਾ। ਕਹਿੰਦਾ- “ਦੋ ਰਾਤਾਂ ਵੱਧ ਅਸੀਂ ਰਹੇ ਆ, ਜਨਾਬ। ਪੇਮੈਂਟ ਦੱਸੋ, ਕਿੰਨੀ ਕਰੀਏ।"

ਮੈਨੇਜਰ ਮੁਸਕਰਾ ਰਿਹਾ ਸੀ। ਕਹਿੰਦਾ- “ਤੁਹਾਡੇ ਲਈ ਮੈਂ ਤਿੰਨ ਦਿਨ ਹੋਰ ਐਕਸਟੈਂਡ ਕਰ ਦਿੱਤੇ ਸਨ। ਮੈਂ ਖ਼ੁਦ ਈ ਡਾਇਰੈਕਟਰ ਸਾਹਿਬ ਨੂੰ ਫ਼ੋਨ ਕਰ ਲਿਆ ਸੀ। ਤੁਸੀਂ ਇੱਕ ਰਾਤ ਹੋਰ ਠਹਿਰ ਸਕਦੇ ਓ।"

ਬਲਕਰਨ ਦੇ ਚਿਹਰੇ ਉੱਤੇ ਹੁਣ ਮਾਸੂਮੀਅਤ ਦਾ ਰੰਗ ਸੀ।

ਸ਼ਾਮ ਤੱਕ ਉਹ ਜੰਮੂ ਪਹੁੰਚ ਗਏ ਤੇ ਫਿਰ ਰਾਤ ਦੀ ਐਕਸਪ੍ਰੈਸ ਗੱਡੀ ਲੈ ਕੇ ਤੜਕੇ ਸੂਰਜ ਚੜ੍ਹਦੇ ਨੂੰ ਪਟਿਆਲੇ। ਪਟਿਆਲੇ ਤੋਂ ਤੁਰਨ ਵੇਲੇ ਅਨਿਲ ਫਿਰ ਉਦਾਸ ਹੋ ਗਿਆ। ਬਲਕਰਨ ਨੇ ਉਹਦਾ ਮੋਢਾ ਝੰਜੋੜਿਆ। ਕਹਿੰਦਾ- “ਰੰਗੜਊ ਰੱਖਿਆ ਕਰ। ਮੁਰਦਿਆਂ ਵਾਂਗੂੰ ਜਿਊਣ ਦਾ ਕੀ ਮਤਲਬ? ਤੇ ਨਾਲੇ ਰਾਮੁਪਰਾ ਫੂਲ ਤੋਂ ਬਾਹਰ ਵੀ ਨਿੱਕਲ। ਐਵੇਂ ਨਾ ਓਥੇ ਬੈਠਾ ਸੜੀ ਜਾਹ। ਕਿਸੇ ਲੰਡੇ-ਲਾਟ ਦੀ ਪਰਵਾਹ ਨਾ ਕਰ। ਠੋਹਕਰ ਮਾਰ ਕੇ ਤੁਰਿਆ ਕਰ।"

ਅੜਬ ਆਦਮੀ

129