ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਹਾਜ਼ਰ ਹਾਂ

ਸਮੁੰਦਰ ਬਾਰੇ ਕਹਾਣੀਆਂ ਦੀ ਮੇਰੀ ਕਿਤਾਬ 'ਸਮੁੰਦਰ ਦਾ ਆਦਮੀ' ਆਉਣ ਤੋਂ ਬਾਅਦ, ਲੰਮਾ ਸਮਾਂ ਮੈਂ ਰਾਜਨੀਤਕ ਸਫ਼ਰ 'ਚ ਉਲਝਿਆ ਰਿਹਾ। ਇਸ ਕਿਤਾਬ ਦੇ ਤਿੰਨ ਐਡੀਸ਼ਨ ਛਪੇ। ਦੋ ਪੰਜਾਬੀ ਵਿੱਚ ਤੇ ਇੱਕ ਹਿੰਦੀ ਵਿੱਚ। ਜਿਨ੍ਹਾਂ ਹੱਥਾਂ 'ਚ ਵੀ ਕਿਤਾਬ ਗਈ ਜਾਂ ਜਿਨ੍ਹਾਂ ਨੇ ਮੈਗਜ਼ੀਨਾਂ 'ਚੋਂ ਕਹਾਣੀਆਂ ਪੜੀਆਂ, ਕਹਾਣੀਆਂ ਨਵੇਂ ਵਿਸ਼ੇ (ਸਮੁੰਦਰ) ਨਾਲ ਸੰਬੰਧਤ ਹੋਣ ਕਾਰਨ, ਪੰਜਾਬੀ ਲੇਖਕਾਂ, ਪਾਠਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ। ਹਿੰਦੀ ਐਡੀਸ਼ਨ ਦਾ ਵੀ ਦੇਹਰਾਦੂਨ ਤੇ ਦਿੱਲੀ ਦੇ ਆਲੋਚਕਾਂ, ਪਾਠਕਾਂ ਤੋਂ ਵਧੀਆ ਹੁੰਗਾਰਾ ਮਿਲਿਆ ਤੇ ਮੈਂ ਸੰਤੁਸ਼ਟ ਹਾਂ।

ਮੇਰੇ ਅੰਦਰ, ਲੰਬਾ ਸਮਾਂ ਨੇਵੀ ਦੇ ਜਹਾਜ਼ਾਂ 'ਚ ਨੌਕਰੀ ਕਰਨ ਕਰਕੇ ਅਜੇ ਵੀ ਸਮੁੰਦਰ ਬਾਰੇ ਕਾਫ਼ੀ ਉਥਲ-ਪੁਥਲ ਚੱਲ ਰਹੀ ਸੀ, ਜਿਸ ਨੂੰ ਮੈਂ ਹੁਣ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਇਹ ਦਸ ਕਹਾਣੀਆਂ ਲੈ ਕੇ ਫਿਰ ਹਾਜ਼ਰ ਹਾਂ। ਇਨ੍ਹਾਂ 'ਚ ਵੀ ਸਮੁੰਦਰ ਤੇ ਜਹਾਜ਼ੀ ਜ਼ਿੰਦਗੀ ਨਾਲ ਜੁੜੇ ਲੋਕਾਂ ਬਾਰੇ ਕਾਫੀ ਜਾਣਕਾਰੀ ਹੈ।

ਪੰਜਾਬੀ ਸਾਹਿਤ 'ਚ ਸਮੁੰਦਰ ਬਾਰੇ ਘੱਟ ਹੀ ਕਹਾਣੀਆਂ ਹਨ। ਮੈਂ ਆਪਣੇ ਵੱਲੋਂ ਭਰਪੂਰ ਯਤਨ ਕੀਤਾ ਹੈ ਕਿ ਪਾਠਕਾਂ ਨੂੰ ਸਮੁੰਦਰੀ ਜੀਵਨ ਦੇ ਰੂਬਰੂ ਕਰਵਾਵਾਂ। ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਕਹਾਣੀ ਪਾਠਕ ਨੂੰ ਨਾਲ ਲੈ ਕੇ ਤੁਰੇ। ਇੱਕ ਸਕਰੀਨ ਦੀ ਤਰ੍ਹਾਂ ਪਾਠਕ ਦੇ ਮਨ 'ਚ ਚੱਲੇ। ਉਹ ਆਪਣੇ ਆਪ ਨੂੰ ਉਸ ਜਗ੍ਹਾਂ\ਸਥਿਤੀ 'ਚ ਖੜਾ ਮਹਿਸੂਸ ਕਰੇ। ਮੈਂ ਕਿੰਨਾ ਕਾਮਯਾਬ ਹੋਇਆ ਹਾਂ, ਇਹ ਪਾਠਕਾਂ ਦੇ ਹੁੰਗਾਰੇ ਤੋਂ ਬਾਅਦ ਹੀ ਪਤਾ ਚੱਲੇਗਾ। ਉਮੀਦ ਹੈ ਪੁਸਤਕ 'ਰੇਤ ਦੇ ਘਰ' ਦੀਆਂ ਕਹਾਣੀਆਂ ਰੌਚਿਕਤਾ ਪ੍ਰਦਾਨ ਕਰਨ ਦੇ ਨਾਲ-ਨਾਲ, ਪਾਠਕ ਦੇ ਗਿਆਨ 'ਚ ਵਾਧਾ ਵੀ ਕਰਨਗੀਆਂ।

ਆਲੋਚਕ ਤੇ ਪਾਠਕ 'ਰੇਤ ਦੇ ਘਰ' ਦੀਆਂ ਕਹਾਣੀਆਂ ਨੂੰ 'ਸਮੁੰਦਰ ਦਾ ਆਦਮੀਂ' ਦੀਆਂ ਕਹਾਣੀਆਂ ਨਾਲ ਨਾਪਣ ਤੇ ਮੇਚਣ ਦਾ ਯਤਨ ਵੀ ਕਰਨਗੇ। ਹੋਣਾ ਵੀ ਚਾਹੀਦਾ ਹੈ ਤਾਂ ਕਿ ਮੈਨੂੰ ਵੀ ਪਤਾ ਲੱਗੇ ਕਿ ਮੈਂ ਦੋ ਕਦਮ ਅਗਾਂਹ ਵੱਲ ਪੁੱਟੇ ਹਨ, ਜਾਂ ਕਿਤੇ ਪਛਾਂਹ ਹੀ ਤਾਂ ਨਹੀਂ ਪੁੱਟ ਲਏ। ਇਹ ਗੱਲ ਲੇਖਕ ਨੂੰ ਪਾਠਕ ਤੇ ਆਲੋਚਕ ਹੀ ਦੱਸ ਸਕਦੇ ਹਨ।

ਇੱਕ ਗੱਲ ਹੋਰ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ, ਜ਼ਿਆਦਾਤਰ ਕਹਾਣੀ ਖੇਤੀ ਤੇ ਪੇਂਡੂ ਜੀਵਨ ਬਾਰੇ ਲਿਖੀ ਗਈ ਤੇ ਅਜੇ ਵੀ ਲਿਖੀ ਜਾ ਰਹੀ ਹੈ।

7/ਰੇਤ ਦੇ ਘਰ