ਪੰਨਾ:ਲਹਿਰਾਂ ਦੇ ਹਾਰ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਹ ਪਯਾਰੇ ਦੀ ਦੇਖਦੀ ਨਹੀਂ ਥੱਕਦੀ,
ਜੁਗਾਂ ਜੁਗਾਂ ਤੋਂ ਅੱਖ ਇਹ ਤੱਕਦੀ।
ਦੀਨ ਦੁਨੀ ਦੀਦਾਰ ਤੋਂ ਵਾਰ ਦਿੱਤੇ,
ਪਯਾਰੇ ਆਪਣੇ ਨਜ਼ਰ-ਦੀਦਾਰ ਦਿੱਤੇ!
ਆਪਾ ਭੇਟ ਦਿੱਤਾ ਇਕ ਦੀਦਾਰ ਤਾਂਈ;
ਝਾਕੀ ਇਕ ਤੇ ਆਤਮਾਂ ਵਾਰਿਆਈ।
ਅੱਲਾ ਸਹੁ! ਮੈਂ ਝਾਤ ਹੈ ਇੱਕ ਪਾਈ,
ਇਕ ਝਾਤ ਪਯਾਰੀ ਇਕ ਝਾਤ ਪਾਈ!
ਇਸ ਝਾਤ ਨੇ ਅੱਖ ਬਨਾਂ ਲਿੱਤਾ,
ਆਪੇ ਸਾਰੇ ਤੋਂ ਵੱਖ ਬਿਠਾ ਦਿੱਤਾ।
ਘੋਲੀ ਗਿਆ ਹੈ ਆਪਣਾ ਆਪ ਸਾਰਾ
ਬਣਗਈ ਅੱਖ ਲੁਟ ਗਿਆ ਸਾਮਾਨ ਸਾਰਾ
ਜਾਮਾ ਪਲਟਿਆ ਏਸ ਦੀਦਾਰ ਨਜ਼ਾਰੇ,
ਕੀਯਾ ਪਲਟ ਦਿੱਤੀ ਇਸ ਦੀਦਾਰ ਪਯਾਰੇ।
ਕਰਕੇ “ਅੱਖ` ਇਕ ਅੱਖ ਬਹਾਲਿਆਏ,
ਝਾਤੀ ਇਕ ਦੇ ਨਹੀਂ ਸੁਆਲਿਆ ਏ!
ਇਕ ਵੇਰ ਦੀਦਾਰ ਆ ਅੱਖ ਵੜਿਆ,
ਝਮਕਣ ਵਾਲੜਾ ਚੱਕ ਸਾਮਾਨ ਖੜਿਆ
ਨੀਂਦ ਕੱਢ ਕੇ ਲੈ ਗਿਆਂ ਨਾਲ ਸਾਂਈਂ
ਜਾਦੂ-ਝਾਕੀ ਆ ਏਸ ਦੀਦਾਰ ਪਾਈ!
ਓ ਦੀਦਾਰ, ਮੈਂ ਰਹਿ ਗਈ ਅੱਖ, ਭਾਈ,
ਸਦਾ ਤੱਕਦੀ ਜੀਉਂਦੀ ਅੱਖ, ਸਾਈਂ!

-੧੦੦-