ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਜ਼ਾਇਕਾ/ਜੈਕਾ: ਸੁਆਦ
ਭੋਜਨ ਕੀ ਜ਼ਾਇਕਾ/ਜੈਕਾ ਕੇਈ ਡੀਂਹ ਯਾਦ ਰਾਹਸੀ।
(ਭੋਜਨ ਦਾ ਸੁਆਦ ਕਈ ਦਿਨ ਯਾਦ ਰਹੂ)
ਜਾਈ/ਜਾਏ ਸੰਤਾਨ
ਧਰਤੀ ਦੀ ਜਾਈ ਤੇ ਜਾਏ ਸੱਭ ਸੁਖੀ ਵਸੱਨ।
(ਧਰਤੀ ਦੀ ਸੰਤਾਨ ਸਾਰੇ ਪ੍ਰਾਣੀ ਸੁਖੀ ਵਸਣ)
ਜਾਸਤੀ: ਜ਼ਿਆਦਤੀ/ਵਾਧਾ
ਜ਼ੋਰਾਵਰ ਜਾਸਤੀ ਕਰਸਿਨ ਤੇ ਡੁੱਖ ਵਧੈਸਿਨ।
(ਧੱਕੜ ਵਾਧੇ ਕਰਨਗੇ ਤੇ ਦੁੱਖ ਵਧਾਉਣਗੇ)
ਜ਼ਾਹਰ: ਪ੍ਰਤੱਖ
ਪੜਦੇ ਪਿਛੁੰ ਕੀਤੀ ਖੁਨਾਮੀ ਓੜਕ ਜਗ ਜ਼ਾਹਰ ਥੀ ਵੈਸੀ।
(ਪਰਦੇ ਪਿਛੇ ਕੀਤੀ ਬੁਰਾਈ ਅੰਤ ਪ੍ਰਤੱਖ ਹੋ ਜਾਊ)
ਜਾਹਲ/ਜਹਾਲਤ: ਮੂਰਖ/ਮੂਰਖਤਾ
ਜ਼ਮਾਨਾ ਜਾਹਲਾਂ ਕੂੰ ਤੇ ਜਹਾਲਤ ਨਿੰਦਦਾ ਰਾਂਧੈ।
(ਦੁਨੀਆਂ ਮੂਰਖਾਂ ਨੂੰ ਤੇ ਮੂਰਖਤਾ ਨੂੰ ਨਿੰਦਦੀ ਰਹਿੰਦੀ ਹੈ)
ਜਾਂਚ: ਪਰਖ
ਸਮੱਗਰੀ ਸਾਰੀ ਜਾਂਚ ਕੇ ਘਿਨਿਆਏ।
(ਸਾਰੀ ਸਮੱਗਰੀ ਪਰਖ ਕੇ ਲਿਆਇਆ ਜੇ)
ਜਾਚ: ਵਲ
ਹੱਜੇ ਉਮਰ ਅੰਞਾਣੀ ਹੈ, ਹੌਲੇ ਹੌਲੇ ਜਾਚ ਆ ਵੈਸਿਸ।
(ਅਜੇ ਉਮਰ ਨਿਆਣੀ ਹੈ, ਹੌਲੀ ਹੌਲੀ ਵਲ ਆ ਜਾਊ)
ਜਾਚਕ: ਬੇਨਤੀ ਕਰਤਾ/ਮੰਗਤਾ
ਤੁਹਾਡੀ ਮਿਹਰ ਦਾ ਜਾਚਕ ਹਾਂ, ਵਸ ਵੈਸਾ।
(ਤੁਹਾਡੀ ਕਿਰਪਾ ਦਾ ਮੰਗਤਾ ਹਾਂ, ਵਸ ਜਾਊਂ।
ਜਾਤਕ: ਜੁਆਕ
ਰੋਲਾ ਬਹੂੰ ਪਿਆ ਪੂੰਦੇ, ਜ਼ਰਾ ਜਾਤਕਾਂ ਕੂੰ ਚੁੱਪ ਕਰਾ।
(ਰੌਲਾ ਬਹੁਤ ਪੈ ਰਿਹਾ ਹੈ, ਜ਼ਰਾ ਜੁਆਕਾਂ ਨੂੰ ਚੁੱਪ ਕਰਾ)
ਜਾਬੀ: ਜਾਕਟ
ਪੁਲਿਸ ਨੇ ਉਸ ਦੀ ਜਾਬੀ ਦੇ ਗੁੱਦੇ ਚੂੰ ਹਫੀਮ ਕੱਢੀ।
(ਪੁਲੀਸ ਨੇ ਉਸ ਦੀ ਜਾਕਟ ਦੀ ਜੇਬ ਵਿਚੋਂ ਅਫ਼ੀਮ ਕੱਢੀ)
ਜਾਮਾ ਤਲਾਸ਼ੀ: ਸਰੀਰਕ ਪਹਿਰਾਵੇ ਦੀ ਤਲਾਸ਼ੀ
ਜੇਲ੍ਹ ਘੱਤਣ ਤੂੰ ਪਹਿਲੂ ਜਾਮਾ ਤਲਾਸ਼ੀ ਥੀਸੀ।
(ਜੇਲ ਭੇਜਣ ਤੋਂ ਪਹਿਲੋਂ ਪਹਿਰਾਵੇ ਦੀ ਤਲਾਸ਼ੀ ਹੋਊ)
(91)