ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਾਜ ਬਨਸੀਆ ਵੇ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੌਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜ ਬੰਸੀਆ ਵੇ
ਇਕੋ ਜਹੀੜੇ ਛੈਲ ਵੇ
ਇਕ ਦੋ ਹੱਥ ਬੰਸਰੀ
ਦੂਜੇ ਹੱਥ ਮੋਰ ਵੇ,
ਬੱਜਣ ਲੱਗੀ ਬੰਸਰੀ
ਕੂਕਣ ਲੱਗ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲੇ ਜਹੀੜ ਕੋਈ ਹੋਰ ਵੇ

ਵਰ ਲੱਭ ਗਿਆ। ਨਚਦਿਆਂ ਟਪਦਿਆਂ ਬੀਬੀ ਰਾਣੀ ਦਾ ਵਿਆਹ ਹੋ ਜਾਂਦਾ ਹੈ। ਸੂਹੇ ਸਾਲੂ ਵਿੱਚ ਵਲ੍ਹੇਟੀ ਡੋਲੇ ਪਾ ਦਿੱਤੀ ਜਾਂਦੀ ਹੈ। ਬਾਬਲ ਦਾ ਘਰ ਛੱਡਣ ਨੂੰ ਜੀ ਨਹੀਂ ਕਰਦਾ। ਵਿਚਾਰੀ ਕੂਕਦੀ ਹੈ:-

ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ ਪਰਾਏ
ਬਾਬਲਾ ਤੇਰੀ ਲਾਡਲੀ ਵੇ
ਆਲੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰਜਣ ਛੋਡਿਆ ਛੋਪ
ਬਾਬਲਾ ਤੇਰੀ ਲਾਡਲੀ ਵੇ

ਬਾਬਲ ਨੂੰ ਇਕੋ ਇਕ ਰਾਤ ਰੱਖਣ ਲਈ ਤਰਲ ਕਰਦੀ ਹੈ। ਪਰ ਬਾਬਲ ਵੀ ਮਜ਼ਬੂਰ ਹੈ:-

ਬਾਬਲਾ ਵਿਦਾ ਕਰੇਂਦਿਆ,
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ।
ਮੈਂ ਕਿੱਕਣ ਰੁੱਖਾਂ ਧੀਏ ਮੇਰੀਏ
ਮੈਂ ਸਜਨ ਸਦਾ ਲਏ ਆਪ ਨੀ।

ਬਾਬਲ ਨੇ ਰੋਂਦੀ ਹੋਂਦੀ ਧੀ ਤੋਰ ਦਿੱਤੀ। ਧੀ ਕੋਲੋਂ ਬਾਬਲ ਦੇ ਘਰ ਕੋਈ ਇਹੋ ਜਹੀ ਗਲਤੀ ਨਹੀਂ ਹੋਈ ਜੀਹਦੇ ਨਾਲ ਉਹਦੀ ਚਿੱਟੀ ਪੱਗ ਨੂੰ ਕੋਈ ਦਾਗ਼ ਲਗਿਆ ਹੋਵੇ। ਬਾਬਲ ਧੀ ਦੀ ਸੋਭਾ ਗਾਉਂਦਾ ਨਹੀਂ ਥਕਦਾ:-

ਜਿੱਦਣ ਬੀਬੀ ਨੂੰ ਜਨਮੀ
ਦਿਨ ਸੀ ਮੰਗਲਵਾਰ
ਮਾਪੀਂ ਸੋਭਾ ਪਾ ਗਈ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/19