ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰੀ ਰਹੇ ਝੋਲੀ ਮੇਰੀ ਸਦਾ, ਦਿਲ ਮੇਰਾ ਸਦਾ,
ਰੱਖਾਂ ਰਹਿਣ ਸਦਾ ਰੱਬ ਸੱਚੇ ਦੀਆਂ, ਸ਼ੁਕਰ ਸ਼ੁਕਰ ਕੂਕੇ, ਰਗ
ਰਗ ਮੇਰੀ, ਲੂੰ ਲੂੰ ਮੇਰਾ।
ਗਿਰਨ ਅੱਥਰੂ ਮੇਰੇ ਕਿਰਨ ਕਿਰਨ, ਸਦਾ ਸਦਾ।

ਹੁਣ,
ਹੁਣ ਇਹ ਜਿੰਦ ਮੇਰੀ ਡੋਲਦੀ ਨਾ, ਡਰਦੀ ਨਾ,
ਤ੍ਰਹੁੰਦੀ, ਤ੍ਰਬਕਦੀ, ਡਾਵਾਂ-ਡੋਲ ਨਾ ਹੁੰਦੀ,
ਖੋਲ੍ਹ ਦਿਤੀਆਂ ਬਾਰੀਆਂ ਸਭ, ਖਿੜਕ ਸਾਰੇ, ਤੋੜ ਘੱਤੀਆਂ ਕੰਧਾਂ
ਸਾਰੀਆਂ।
ਹੁਣ ਮੈਂ ਖਲੋਤੀ ਨੰਗ-ਮੁਨੰਗੀ ਨਗਨਤਾ ਰੜੇ ਮਦਾਨ,
ਉਡਦੀ ਹਵਾਵਾਂ ਨਾਲ ਮੈਂ ਆਜ਼ਾਦ ਹੋਈ ਖੁਲ੍ਹ,
ਹੁਣ ਕੋਈ ਮੈਨੂੰ ਡਰਾਂਦਾ ਨਾ, ਮਾਰਦਾ ਨਾ,
ਪਿਆਰਦੇ ਸਭ ਮੈਨੂੰ, ਮੈਂ ਸਭ ਨੂੰ ਪਿਆਰਦੀ।
ਮੈਂ-ਪਿਆਰ ਤਰਦਾ ਪਾਣੀਆਂ ਤੇ,
ਮੈਂ-ਹੁੱਬ ਉਡਦੀ ਹਵਾਵਾਂ ਨਾਲ,
ਮੈਂ-ਪਿਆਰ ਹੋਇਆ ਸਭ ਲਈ,
ਸਭ ਪਿਆਰ ਹੋਇਆ ਮੇਰੇ ਲਈ,
ਪਿਆਰ, ਪਿਆਰ ਬੱਸ,
ਪਿਆਰ ਦਾ ਪਿਆਰਾ, ਪਿਆਰੇ ਦਾ ਪਿਆਰ।

੨੬