ਪੰਨਾ:ਵਹੁਟੀਆਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੮)

ਨਹੀਂ। ਮੇਰਾ ਸਰੀਰ ਫੁਲ ਜਾਏਗਾ ਅਤੇ ਮੇਰੀ ਲੋਥ ਓਹਦੀ ਦ੍ਰਿਸ਼ਟੀ ਵਿਚ ਬਦਸੂਰਤ ਮਲੂਮ ਹੋਵੇਗੀ। ਤਾਂ ਫੇਰ ਕੀ ਕਰਾਂ? ਜ਼ਹਿਰ ਖਾ ਲਵਾਂ? ਕਿਹੜਾ ਜ਼ਹਿਰ ਖਾਵਾਂ, ਮੈਨੂੰ ਜ਼ਹਿਰ ਲਿਆ ਕੇ ਕੌਣ ਦੇਵੇਗਾ? ਕੀ ਮੈਂ ਜ਼ਹਿਰ ਪੀ ਸਕਾਂਗੀ? ਹਾਂ, ਪੀ ਕਿਉਂ ਨਾ ਸਕਾਂਗੀ। ਪਰ ਅਜ ਨਹੀਂ, ਅਜ ਮੈਂ ਏਸ ਖਿਆਲ ਨਾਲ ਪ੍ਰਸੰਨ ਹੋ ਲਵਾਂ ਕਿ ਉਹ ਮੈਨੂੰ ਪਿਆਰ ਕਰਦਾ ਹੈ। ਗੁਰਬਖਸ਼ ਕੌਰ ਨੇ ਇਹ ਕਿਹਾ ਸੀ, ਪਰ ਉਸ ਨੂੰ ਕਿੱਦਾਂ ਮਲੂਮ ਹੋਇਆ? ਇਹ ਮੈਂ ਉਸਦੇ ਪਾਸੋਂ ਕਿਉਂ ਨਾ ਪੁਛ ਲਿਆ? ਉਹ ਮੈਨੂੰ ਕਿਸ ਤਰ੍ਹਾਂ ਪਿਆਰ ਕਰ ਸਕਦਾ ਹੈ? ਕੀ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਮੇਰੀ ਸੁੰਦਰਤਾ ਨੂੰ? ਹੱਛਾ ਵੇਖਾਂ ਤਾਂ ਸਹੀ (ਇਹ ਕਹਿ ਕੇ ਸੁਰੱਸਤੀ ਉਠੀ ਅਤੇ ਛੱਪੜ ਕੰਢੇ ਖਲੋ ਕੇ ਪਾਣੀ ਵਿਚ ਆਪਣੀ ਸੂਰਤ ਵੇਖਣ ਲੱਗੀ, ਪਰ ਹਨੇਰੇ ਕਰਕੇ ਕੁਝ ਨਾ ਦਿਸਿਆ ਜਿਸ ਕਰਕੇ ਉਹ ਮੁੜ ਪਹਿਲੀ ਥਾਂ ਹੀ ਆ ਬੈਠੀ) ਇਹ ਨਹੀਂ ਹੋ ਸਕਦਾ। ਮੈਂ ਅਜਿਹੀ ਗਲ ਦਾ ਖਿਆਲ ਕਿਉਂ ਕਰਦੀ ਹਾਂ? ਮੇਰੇ ਨਾਲੋਂ ਉਸ ਦੀਆਂ ਕਈ ਨੌਕਰਾਣੀਆਂ ਸੁੰਦਰ ਹਨ। ਪ੍ਰੀਤਮ ਕੌਰ ਮੇਰੇ ਨਾਲੋਂ ਵਧ ਸੋਹਣੀ ਹੈ। ਗੁਰਦੇਈ ਵੀ ਮੇਰੇ ਨਾਲੋਂ ਵਧ ਖੂਬਸੂਰਤ ਹੈ। ਹੱਛਾ, ਜੇ ਸੁੰਦਰ ਨਹੀਂ ਤਾਂ ਕੀ ਉਹ ਮੇਰੀਆਂ ਆਦਤਾਂ ਅਤੇ ਹਾਵ ਭਾਵ ਨਾਲ ਪਰੇਮ ਕਰਦਾ ਹੈ? ਪਰ ਮੇਰੇ ਵਿਚ ਕੋਈ ਦਿਲ-ਮੋਹਣ ਵਾਲੀ ਅਦਾ ਨਹੀਂ। ਗੁਰਬਖਸ਼ ਕੌਰ ਨੇ ਕੇਵਲ ਮੇਰਾ ਦਿਲ ਰਖਣ ਲਈ ਹੀ ਕਿਹਾ ਹੋਣਾ ਹੈ। ਉਹ ਭਲਾ ਕਿਉਂ ਪਰੇਮ ਕਰਨ ਲਗਾ ਹੈ? ਪਰ ਗੁਰਬਖਸ਼ ਕੌਰ ਨੂੰ ਮੇਰੀ ਖੁਸ਼ਾਮਦ ਦੀ ਕੀ ਲੋੜ ਸੀ। ਖੈਰ!