ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/128

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤਾੜਨਾ... ਪੇਕੀਂ ਬਾਬਲ, ਭਰਾ, ਚਾਚੇ-ਤਾਇਆਂ ਦੀਆਂ ਝਿੜਕਾਂ ... ਸਹੁਰੀਂ ਕੁਪੱਤੀ ਸੱਸ, ਜਠਾਣੀ, ਨਣਦ ਅਤੇ ਅੜਬ ਪਤੀ ਵਲੋਂ ਅਣਮਨੁੱਖੀ ਤੇ ਅਣਸੁਖਾਵਾਂ ਵਰਤਾਰਾ... ਮਨ ਦੀਆਂ ਮਨ ਵਿਚ ਹੀ ਰਹਿ ਜਾਂਦੀਆਂ ਹਨ। ਗਿੱਧਾ ਪੰਜਾਬਣਾਂ ਦਾ ਇਕ ਅਜਿਹਾ ਪਿੜ ਹੈ ਜਿੱਥੇ ਉਹ ਨਿਸੰਗ ਹੋ ਕੇ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰਦੀਆਂ ਹਨ। ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਨੱਚਦੀਆਂ ਹੋਈਆਂ ਮੁਟਿਆਰਾਂ ਆਪਣੀਆਂ ਅਤ੍ਰਿਪਤ ਕਾਮਨਾਵਾਂ ਦਾ ਪ੍ਰਗਟਾਵਾ ਗਿੱਧੇ ਦੀਆਂ ਬੋਲੀਆਂ ਪਾ ਕੇ ਕਰਦੀਆਂ ਹਨ। ਉਹ ਨੱਚਦੀਆਂ ਹੋਈਆਂ ਧੂੜਾਂ ਪੱਟ ਦੇਂਦੀਆਂ ਹਨ। ਉਹ ਕਿਧਰੇ ਬੱਕਰੇ ਬੁਲਾਉਂਦੀਆਂ ਹਨ, ਤਰ੍ਹਾਂ ਤਰ੍ਹਾਂ ਦੇ ਸਵਾਂਗ ਰਚਦੀਆਂ ਹਨ...

ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਾਪਤ ਹਨ। ਇਹ ਦੋ ਪ੍ਰਕਾਰ ਦੀਆਂ ਹਨ- ਲੰਬੀਆਂ ਬੋਲੀਆਂ ਅਤੇ ਇਕ ਲੜੀਆਂ ਬੋਲੀਆਂ- ਇਕ ਲੜੀਆਂ ਬੋਲੀਆਂ ਨੂੰ ਟੱਪੇ ਵੀ ਆਖਦੇ ਹਨ। ਇਹ ਪੰਜਾਬੀ ਸਭਿਆਚਾਰ ਅਤੇ ਜਨ-ਜੀਵਨ ਦਾ ਦਰਪਨ ਹਨ ਜਿਸ ਵਿਚੋਂ ਪੰਜਾਬ ਦੀ ਨੱਚਦੀ ਗਾਉਂਦੀ ਤੇ ਜੂਝਦੀ ਸੰਸਕ੍ਰਿਤੀ ਦੇ ਦਰਸ਼ਨ ਸੁਤੇ ਸਿਧ ਹੀ ਕੀਤੇ ਜਾ ਸਕਦੇ ਹਨ। ਪੰਜਾਬ ਦੀ ਆਰਥਿਕ, ਸਮਾਜਿਕ ਤੇ ਰਾਜਨੀਤਕ ਜ਼ਿੰਦਗੀ ਦਾ ਇਤਿਹਾਸ ਇਨ੍ਹਾਂ ਵਿਚ ਸਮੋਇਆ ਹੋਇਆ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਜਾਂ ਪੱਖ ਹੋਵੇ ਜਿਸ ਬਾਰੇ ਬੋਲੀਆਂ ਨਾ ਮਿਲਦੀਆਂ ਹੋਣ। ਜੀਵਨ ਦੇ ਤੱਤਾਂ ਨਾਲ਼ ਓਤ ਪੋਤ ਹਨ ਇਹ ਬੋਲੀਆਂ। ਇਨ੍ਹਾਂ ਵਿਚ ਪੰਜਾਬੀਆਂ ਦੇ ਅਰਮਾਨਾਂ, ਖ਼ੁਸ਼ੀਆਂ, ਗ਼ਮੀਆਂ, ਭਾਵਨਾਵਾਂ ਅਤੇ ਜਜ਼ਬਿਆਂ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹ ਸਦੀਆਂ ਦਾ ਪੈਂਡਾ ਝਾਗ ਕੇ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁੱਜੀਆਂ ਹਨ।

ਵਿਆਹ ਦੇ ਸਮਾਗਮ ਵਿਚ ਗਿੱਧੇ ਦੀ ਅਹਿਮ ਭੂਮਿਕਾ ਹੈ। ਜਦੋਂ ਗਿੱਧ ਦਾ ਪਿੜ ਮੱਘਦਾ ਹੈ ਤਾਂ ਪਿੰਡ ਦੀ ਕੋਈ ਮੁਟਿਆਰ ਵਿਆਹ ਵਿਚ ਆਈਆਂ ਮੇਲਣਾਂ ਨੂੰ ਗਿੱਧੇ ਵਿਚ ਨੱਚਣ ਦਾ ਸੱਦਾ ਦੇਂਦੀ ਹੈ:

ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ
ਨਾ ਬੈਠੀ ਸਾਂ ਡੇਰੇ
ਨਿੱਤ ਨਮੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਨਿਕਲਣ ਅੰਦਰੋਂ
ਵਸ ਨਹੀਂ ਕੁਝ ਮੇਰੇ

ਵਿਆਹ ਦੇ ਗੀਤ/ 126