ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਆਹ ਨਾਲ਼ ਨਵੇਂ ਪਰਿਵਾਰ ਦਾ ਆਗਾਜ਼ ਹੁੰਦਾ ਹੈ- ਮੁੰਡੇ ਦੇ ਸਹੁਰੇ ਪਰਿਵਾਰ ਨਾਲ਼ ਸਾਕਾਦਾਰੀ ਦੇ ਸਬੰਧ ਜੁੜਦੇ ਹਨ ਜਿਸ ਸਦਕਾ ਲਾੜੇ ਦੇ ਬਾਪ ਦਾਦੇ ਦਾ, ਆਪਣੇ ਭਾਈਚਾਰੇ ਵਿਚ, ਮਾਣ-ਤਾਣ ਵਧਦਾ ਹੈ।

ਧੀ ਵਾਲ਼ਿਆਂ ਵਲੋਂ 11 ਜਾਂ 21 ਦਿਨ ਪਹਿਲਾਂ ਲਾੜੇ-ਪੁੱਤ ਵਾਲ਼ਿਆਂ ਦੇ ਘਰ 'ਸਾਹੇ ਚਿੱਠੀ' ਭੇਜੀ ਜਾਂਦੀ ਹੈ। ਇਹ ਚਿੱਠੀ ਭਾਈਚਾਰਾ 'ਕੱਠਾ ਕਰਕੇ ਪੜ੍ਹੀ ਜਾਂਦੀ ਹੈ ਜਿਸ ਵਿਚ ਧੀ ਵਾਲ਼ਿਆਂ ਵਲੋਂ ਵਿਆਹ ਦਾ ਦਿਨ ਨਿਸਚਿਤ ਕੀਤਾ ਹੁੰਦਾ ਹੈ। ਇਸ ਚਿੱਠੀ ਦਾ ਸੁਆਗਤ 'ਘੋੜੀਆਂ' ਗਾ ਕੇ ਕੀਤਾ ਜਾਂਦਾ ਹੈ। ਇਸੇ ਦਿਨ ਤੋਂ ਪੁੱਤ ਵਾਲ਼ੇ ਘਰ ਰਾਤ ਸਮੇਂ ਰੋਟੀ ਟੁੱਕ ਦਾ ਕੰਮ ਮੁਕਾ ਕੇ ਆਂਢ-ਗੁਆਂਢ ਅਤੇ ਸ਼ਰੀਕੇ ਦੀਆਂ ਤੀਵੀਆਂ ਤੇ ਮੁਟਿਆਰਾਂ 'ਕੱਠੀਆਂ ਹੋ ਕੇ 'ਘੋੜੀਆਂ' ਦੇ ਗੀਤ ਗਾਉਣੇ ਆਰੰਭ ਦੇਂਦੀਆਂ ਹਨ ਤੇ ਇਹ ਰੀਤ ਵਿਆਹ ਦੇ ਅੰਤਲੇ ਦਿਨ ਤਕ ਚਾਲੂ ਰਹਿੰਦੀ ਹੈ।

'ਸਾਹੇ ਚਿੱਠੀ' ਪੜ੍ਹਨ ਦੀ ਰਸਮ ਸਮੇਂ ਗਾਈਆਂ ਜਾਣ ਵਾਲ਼ੀਆਂ 'ਘੋੜੀਆਂ' ਵਿਚ ਭੈਣ ਜਿੱਥੇ ਸੁੱਖਾਂ ਲਧੜੇ ਵੀਰ ਨੂੰ ਮਿਥ ਨਾਇਕਾ ਰਾਧਾ ਅਤੇ ਸੀਤਾ ਵਰਗੀ ਸੁੰਦਰ ਭਾਬੋ ਵਿਆਹ ਕੇ ਲਿਆਉਣ ਲਈ ਸਰਾਹੁੰਦੀ ਹੈ ਓਥੇ ਉਹ ਉਸ ਨੂੰ ਆਪਣੀ ਮਾਂ, ਦਾਦੀ, ਨਾਨੀ, ਭੂਆ ਅਤੇ ਭੈਣ ਨੂੰ ਨਾ ਵਿਸਾਰਨ ਦੀ ਚਿਤਾਵਨੀ ਵੀ ਦੇਂਦੀ ਹੈ। ਉਸ ਦੇ ਅਚੇਤ ਮਨ ਵਿਚ ਇਹ ਡਰ ਵਸਿਆ ਹੋਇਆ ਹੈ ਮਤੇ ਉਸ ਦਾ ਵੀਰ ਆਪਣੀ ਨਵੀਂ-ਨਵੇਲੀ ਨਾਜੋ ਦੇ ਪ੍ਰਭਾਵ ਸਦਕਾ ਉਨ੍ਹਾਂ ਨੂੰ ਵਿਸਾਰ ਦੇਵੇ। ਉਹ ਉਨ੍ਹਾਂ ਦੀ ਕੀਰਤੀ ਯਾਦ ਕਰਵਾਉਂਦੀ ਹੈ:

ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲਧੜਿਆ ਵੀਰਾ
ਮਾਂ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲਧੜਿਆ ਵੀਰਾ
ਨਾਨੀ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇਂ ਜਮਾਵਾਂ
ਸੁਖ ਲਧੜਿਆ ਵੀਰਾ
ਦਾਈ ਤੇਰੀ ਨੇ ਜਨਮ ਸਧਾਇਆ ਲਾਲ ਵੇ

ਭੈਣ ਉਸ ਨੂੰ ਬਚਪਨ ਦੇ ਉਹ ਦਿਨ ਵੀ ਯਾਦ ਕਰਵਾਉਂਦੀ ਹੈ ਜਦੋਂ ਭੂਆ ਤੇ ਭੈਣ ਉਸ ਨੂੰ ਲਾਡ ਲਡਾਉਂਦੀਆਂ ਸਨ:

ਵਿਆਹ ਦੇ ਗੀਤ/ 41