ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

27.
ਹਰੇ ਹਰੇ ਜੌਂ ਵੀਰਾ ਘੋੜੀ ਚੁਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਦਾਦਾ ਤੇਰਾ ਜੰਨ ਚੜ੍ਹੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਹਰੇ ਹਰੇ ਜੌਂ ਵੀਰਾ ਘੋੜੀ ਚੁਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਬਾਪ ਤੇਰਾ ਤੇਰੀ ਜੰਨ ਚੜ੍ਹੇ
ਮਾਂ ਸੁਪੱਤੀ ਤੇਰੇ ਸ਼ਗਨ ਕਰੇ

28.
ਘੋੜੀ ਸੋਂਹਦੀ ਕਾਠੀਆਂ ਦੇ ਨਾਲ਼
ਕਾਠੀ ਡੇਢ ਤੇ ਹਜ਼ਾਰ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਵਿਚ ਵਿਚ ਬਾਗਾਂ ਦੇ ਤੁਸੀਂ ਆਓ
ਚੋਟ ਨਗਾਰਿਆਂ 'ਤੇ ਲਾਓ
ਖਾਣਾ ਰਾਜਿਆਂ ਦੇ ਖਾਓ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਛੈਲ ਨਵਾਬਾਂ ਦੇ ਘਰ ਢੁਕਣਾਂ
ਸਰਦਾਰਾਂ ਦੇ ਘਰ ਢੁਕਣਾਂ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਚੀਰਾ ਤੇਰਾ ਮੱਲਾ ਵੇ ਸੋਹਣਾ
ਬਣਦਾ ਕਲਗੀਆਂ ਦੇ ਨਾਲ਼
ਕਲਗੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਵਿਆਹ ਦੇ ਗੀਤ/ 63