ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਅਰਜਨ ਘੋੜੀ ਬੀਬੀ ਸੁਰਜਣ ਘੋੜੀ
ਬਾਬਲ ਸੁਦਾਗਰ ਮੁੱਲ ਪੁਆਇਆ ਵੇ

31.
ਜੇ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ਼ ਚਰ ਘਰ ਆਵੇ
ਵੇ ਵੀਰਾ ਤੇਰਾ ਉੱਚਾ ਵੇ ਬੰਗਲਾ
ਬਾਲ ਚੁਫ਼ੇਰੇ ਦੀ ਆਵੇ
ਜੇ ਵੀਰਾ ਤੇਰੀ ਪਤਲੀ ਵੇ ਨਾਜੋ
ਸੱਗੀਆਂ ਦੇ ਨਾਲ਼ ਸੁਹਾਵੇ
ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ਼ ਚਰ ਘਰ ਆਵੇ

32.
ਅੰਦਰੋਂ ਬੰਨਾ ਲਟਕੇਂਦਾ ਨੀ ਨਿਕਲ਼ਿਆ
ਉਹਦੀ ਮਾਓਂ ਨੇ ਹੈਂਕਲ ਘੋੜੀ ਪਕੜ ਲਈ
ਜਿੱਦਣ ਦਾ ਵੀਰਾ ਤੇਰਾ ਜਰਮ ਐਂ
ਓਦਣ ਦਾ ਖ਼ਰਚਾ ਘੋੜੀ ਦੇ ਕੇ ਚੜ੍ਹੀ
ਅੰਦਰੋਂ ਬੰਨਾ ਲਟਕੇਂਦਾ ਨੀ ਨਿਕਲ਼ਿਆ
ਉਹਦੀ ਦਾਦੀ ਨੇ ਹੈਂਕਲ ਘੋੜੀ ਪਕੜ ਲਈ
ਜਿੱਦਣ ਦਾ ਵੀਰਾ ਤੇਰਾ ਜਰਮ ਐ
ਓਦਣ ਦਾ ਖਰਚਾ ਘੋੜੀ ਦੇ ਕੇ ਚੜ੍ਹੀ

33.
ਘੋੜੀ ਤੇ ਮੇਰੇ ਵੀਰ ਦੀ ਨੀ
ਬਿੰਦ੍ਰਾਬਨ 'ਚੋਂ ਆਈ
ਮਾਰ ਪਲਾਕੀ ਚੜ੍ਹ ਗਿਆ
ਵੇ ਵੀਰਾ ਤੇਰੀ ਚਤਰਾਈ
ਅੱਗੋਂ ਭਾਬੋ ਨੇ ਰੋਕਿਆ
ਵੇ ਦੇ ਜਾ ਦਿਓਰਾ ਸੁਰਮਾਂ ਪਵਾਈ
ਜੋ ਕੁਝ ਮੰਗਣੈਂ ਮੰਗ ਲੈ
ਨੀ ਭਾਬੋ ਦੇਰ ਨਾ ਲਾਈਂ
ਤਿੰਨੇ ਕੱਪੜੇ ਰੇਸ਼ਮੀ
ਵੇ ਚੰਨਣ ਹਾਰ ਲਿਆਈਂ

ਵਿਆਹ ਦੇ ਗੀਤ/ 65