ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਥਿਆਰ ਵਜੋਂ ਵਰਤਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਰਾਹੀਂ ਉਹ ਆਪਣੇ ਮਨਾਂ ਦਾ ਗੁਭ ਗੁਵਾੜ ਵੀ ਕਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦੇਂਦਾ ਹੈ। ਮਰਦ ਉਸ ’ਤੇ ਸਦਾ ਜ਼ੁਲਮ ਕਰਦਾ ਆਇਆ ਹੈ, ਉਹ ਉਹਨੂੰ ਮਾਰਦਾ ਕੁੱਟਦਾ ਹੈ, ਗੰਦੀਆਂ ਗਾਲ਼ੀਆਂ ਕੱਢਦਾ ਹੈ। ਸੱਸ ਸਹੁਰੇ ਦਾ ਦਾਬਾ ਵੱਖਰਾ। ਪੰਜਾਬਣ ਸਦਾ ਸੁੰਗੜੀ ਰਹੀ ਹੈ। ਸਿਰਫ਼ ਵਿਆਹ ਦਾ ਹੀ ਅਵਸਰ ਹੁੰਦਾ ਹੈ ਜਿੱਥੇ ਉਹ ਆਪਣੇ ਦੱਬੇ ਭਾਂਬੜ ਬਾਹਰ ਕਢਦੀ ਹੈ। ਉਹ ਸਿਠਣੀਆਂ ਦੇ ਰੂਪ ਵਿਚ ਲਾੜੇ ਨੂੰ, ਉਸ ਦੇ ਮਾਂ, ਬਾਪ, ਭੈਣਾਂ ਨੂੰ ਖ਼ੂਬ ਪੁਣਦੀ ਹੈ, ਉਨ੍ਹਾਂ ਦੀਆਂ ਕਮਜ਼ੋਰੀਆਂ ਦਾ ਮਖ਼ੌਲ ਉਡਾਉਂਦੀ ਹੈ। ਇਸ ਤੋਂ ਬਿਨਾਂ ਉਹ ਲਾੜੇ ਦੀ ਮਾਂ ਅਤੇ ਭੈਣ ਨੂੰ ਕਾਮੁਕ ਸਿਠਣੀਆਂ ਦੇ ਕੇ ਆਪਣੀਆਂ ਅਤ੍ਰਿਪਤ ਕਾਮੁਕ ਭਾਵਨਾਵਾਂ ਨੂੰ ਤ੍ਰਿਪਤ ਕਰਨ ਦਾ ਉਪਰਾਲਾ ਕਰਦੀ ਹੈ! ਹਰ ਪਾਸੇ ਮਖ਼ੌਲ ਹੀ ਮਖ਼ੌਲ, ਕੋਈ ਗੁੱਸੇ ਦਾ ਪ੍ਰਤੀਕਰਮ ਨਹੀਂ। ਫੇਰ ਉਹ ਅਜਿਹੇ ਅਵਸਰ ਦਾ ਲਾਭ ਕਿਉਂ ਨਾ ਉਠਾਵੇ।

ਨਾਨਕਿਆਂ ਦੇ ਮੇਲ਼ ਦਾ ਵਿਆਹ ਵਿਚ ਵਿਸ਼ੇਸ਼ ਹੱਥ ਹੁੰਦਾ ਹੈ- ਜਿਵੇਂ ਕਹਿੰਦੇ ਹਨ ਨਾਨਕਿਆਂ ਦਾ ਅੱਧਾ ਵਿਆਹ ਹੁੰਦਾ ਹੈ, ਚਾਹੇ ਕੁੜੀ ਦਾ ਹੋਵੇ, ਚਾਹੇ ਮੁੰਡੇ ਦਾ। ਇਸੇ ਕਰਕੇ ਨਾਨਕਿਆਂ ਦਾ ਮੇਲ਼ ਸਿਠਣੀਆਂ ਦੇ ਪਿੜ ਵਿਚ ਮੁਖ ਨਿਸ਼ਾਨਾ ਹੁੰਦਾ ਹੈ।

ਜਦੋਂ ਨਾਨਕਾ ਮੇਲ਼ ਆਉਂਦਾ ਹੈ ਤਾਂ ਪਿੰਡੋਂ ਬਾਹਰ ਉਨ੍ਹਾਂ ਦੇ ਸੁਆਗਤ ਲਈ ਪਿੰਡ ਦੀਆਂ ਜਨਾਨੀਆਂ ਪੁੱਜ ਜਾਂਦੀਆਂ ਹਨ। ਦੋਨੋਂ ਧਿਰਾਂ ਇਕ ਦੂਜੇ ਦਾ ਸੁਆਗਤ ਸਿਠਣੀਆਂ ਨਾਲ਼ ਕਰਦੀਆਂ ਹਨ:

ਹੁਣ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀ ਨਾਨਕੀਆਂ

ਵਿਆਹ ਦੇ ਗੀਤ/ 68