ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖ਼ਾਧੇ ਸੀ ਖਜੂਰ ਜੰਮੇ ਸੀ ਸੂਰ ਹੁਣ ਸੂਰਾਂ ਦੇ ਗਈਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਖਾਧੀਆਂ ਸੀ ਖਿੱਲਾਂ ਜੰਮੀਆਂ ਸੀ ਇੱਲ੍ਹਾਂ ਹੁਣ ਅੰਬਰ ਭੌਂਦੀਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਪਕੌੜੇ ਜੰਮੇ ਸੀ ਜੌੜੇ ਹੁਣ ਖਿਡਾਵਣ ਗਈਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਸਿਰਾਂ 'ਤੇ ਟਰੰਕ ਹੱਥਾਂ 'ਚ ਮੋਰਨੀਆਂ ਵਾਲ਼ੇ ਝੋਲ਼ੇ ਫੜੀਂ ਆਉਂਦੇ ਨਾਨਕਾ ਮੇਲ਼ ਦਾ ਪਿੰਡ ਦੀ ਗਲ਼ੀ ਵਿਚ ਪ੍ਰਵੇਸ਼ ਕਰਨ ਤੇ ਗਲ਼ੀ ਦੀਆਂ ਔਰਤਾਂ ਹਾਸਿਆਂ ਮਖ਼ੌਲਾਂ ਨਾਲ਼ ਸੁਆਗਤ ਕਰਦੀਆਂ ਹਨ। ਸਿਠਣੀਆਂ ਦੀ ਛਹਿਬਰ ਲੱਗ ਜਾਂਦੀ ਹੈ:

ਛੱਜ ਓਹਲੇ ਛਾਨਣੀ
ਪਰਾਤ ਓਹਲੇ ਤਵਾ ਓਏ
ਨਾਨਕਿਆਂ ਦਾ ਮੇਲ਼ ਆਇਆ
ਸੂਰੀਆਂ ਦਾ ਰਵਾ ਓਏ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਗੁੱਛੀਆਂ
ਨਾਨਕਿਆਂ ਦਾ ਮੇਲ਼ ਆਇਆ
ਸੱਭੇ ਰੰਨਾਂ ਲੁੱਚੀਆਂ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਛੱਜ ਓਏ
ਨਾਨਕਿਆਂ ਦਾ ਮੇਲ਼ ਆਇਆ
ਗਾਉਣ ਦਾ ਨਾ ਚੱਜ ਓਏ

ਵਿਆਹ ਦੇ ਗੀਤ/ 70