ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਅਮਰੀਕੀ ਭੂਗੋਲਿਕ ਹਾਲਤਾਂ ਵਿਚ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਇੱਕੋ ਜਿਹੀਆਂ ਭੂਗੋਲਿਕ ਹਾਲਤਾਂ ਇੱਕੋ ਜਿਹੇ ਸਭਿਆਚਾਰਾਂ ਨੂੰ ਹੀ ਜਨਮ ਦੇਣਗੀਆਂ। ਪੁਰਾਣੇ ਕਈ ਸਭਿਆਚਾਰ ਦਰਿਆਵਾਂ ਦੇ ਸਰਸਬਜ਼ ਕੰਢਿਆਂ ਉੱਤੇ ਹੀ ਵਧੇ ਫੁੱਲੇ, ਪਰ ਉਰ ਸਾਰੇ ਹੀ ਵੱਖ-ਵੱਖ ਸਨ। ਜੇ ਕੁਝ ਹਜ਼ਾਰ ਸਾਲ ਦੇ ਇਤਿਹਾਸ ਨੂੰ ਦੇਖਿਆ ਜਾਏ ਤਾਂ ਕਿਸੇ ਥਾਂ ਉੱਤੇ ਆਈਆਂ ਭੂਗੋਲਿਕ ਤਬਦੀਲੀਆਂ ਨਾਮ-ਮਾਤਰ ਹੀ ਹੋਣਗੀਆਂ, ਜਦ ਕਿ ਸਭਿਆਚਾਰਕ ਪਰਿਵਰਤਨ ਦੀ ਗਤੀ ਚਕਰਾ ਦੇਣ ਵਾਲੀ ਹੁੰਦੀ ਜਾਂਦੀ ਹੈ।

ਇਹ ਸਾਰੇ ਤੱਥ ਇਸ ਗੱਲ ਦਾ ਸਬੂਤ ਨਹੀਂ ਦੇਂਦੇ ਕਿ ਭੂਗੋਲਿਕ ਹਾਲਤਾਂ ਕਿਸੇ ਸਭਿਆਚਾਰ ਨੂੰ ਨਿਰਧਾਰਤ ਕਰਦੀਆਂ ਹਨ। ਤਾਂ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭੂਗੋਲਿਕ ਹਾਲਤਾਂ ਸਭਿਆਚਾਰ ਲਈ ਮਹੱਤਵਪੂਰਨ ਹਨ। ਸ਼ੁਰੂ ਸ਼ੁਰੂ ਵਿਚ ਇਹ ਮੂਲ-ਮਹੱਤਤਾ ਰੱਖਦੀਆਂ ਹਨ, ਪਰ ਮਨੁੱਖ ਦੇ ਵਿਕਾਸ ਨਾਲ ਇਹਨਾਂ ਦੀ ਮੂਲ-ਮਹੱਤਤਾ ਨਹੀਂ ਰਹਿੰਦੀ। ਸਗੋਂ ਇਹ ਸਭਿਆਚਾਰਕ ਵਿਕਾਸ ਉੱਤੇ ਹੀ ਨਿਰਭਰ ਕਰਦਾ ਹੈ ਕਿ ਪ੍ਰਕਿਰਤੀ ਵਿਚ ਮਿਲਦੇ ਪਦਾਰਥ ਮਨੁੱਖ ਕਿਥੋਂ ਤੱਕ ਵਰਤ ਸਕਦਾ ਹੈ। ਪ੍ਰਕਿਰਤਕ ਮਾਹੌਲ ਵਿਚਲੀ ਨਵੀਂ ਲੱਭਤ ਵੀ ਸਭਿਆਚਾਰਕ ਘਟਣਾ ਹੀ ਬਣ ਜਾਂਦੀ ਹੈ ਅਤੇ ਇਸ ਦੀ ਵਿਕਸ-ਪੱਧਰ ਦਾ ਮਾਪ ਬਣ ਜਾਂਦੀ ਹੈ। ਮਨੁੱਖ ਦਾ ਵਧਦਾ ਗਿਆਨ ਪ੍ਰਕਿਰਤਕ ਹਾਲਤਾਂ ਦੀ ਗੁਲਾਮੀ ਤੋਂ ਇਸ ਦਾ ਛੁਟਕਾਰਾ ਕਰਾਈ ਜਾਂਦਾ ਹੈ। ਮਨੁੱਖ ਲਈ ਪ੍ਰਕਿਰਤਕ ਮਾਹੌਲ ਨਾਲੋਂ ਸਭਿਆਚਾਰਕ ਮਾਹੌਲ ਪ੍ਰਥਮਿਕ ਮਹੱਤਤਾ ਰੱਖਦਾ ਹੈ।

ਸਭਿਆਚਾਰ ਅਤੇ ਜੀਵ-ਵਿਗਿਆਨ

ਮਨੁੱਖਾ ਜ਼ਿੰਦਗੀ ਦੀ ਸੰਭਾਲ, ਇਸ ਨੂੰ ਵਧੇਰੇ ਸੁਖੀ ਬਣਾਉਣਾ ਅਤੇ ਅੱਗੇ ਤੋਰਨਾ ਉਹ ਨਿਸ਼ਾਨੇ ਹਨ, ਜਿਨ੍ਹਾਂ ਵੱਲ ਸਾਰੇ ਮਨੁੱਖੀ ਯਤਨ ਸੇਧੇ ਹੋਏ ਹਨ। ਇਹ ਮਨੁੱਖਾ ਜ਼ਿੰਦਗੀ ਇਕ ਜੀਵ-ਵਿਗਿਆਨਕ ਹੋਂਦ ਹੈ। ਪਰ ਇਹ ਵੀ ਸੱਚ ਹੈ ਕਿ ਮਨੁੱਖ ਨੇ ਕੁਝ ਕਦਰਾਂ-ਕੀਮਤਾਂ ਨੂੰ ਐਸਾ ਸਥਾਨ ਦੇ ਰੱਖਿਆ ਹੈ, ਜਿਨ੍ਹਾਂ ਲਈ ਉਹ ਆਪਣੀ ਜ਼ਿੰਦਗੀ ਵੀ ਵਾਰਨ ਨੂੰ ਤਿਆਰ ਹੋ ਜਾਂਦਾ ਹੈ। ਮਨੁੱਖ ਦੀ ਜੀਵ-ਵਿਗਿਆਨਕ ਹੋਂਦ ਕਾਇਮ ਰੱਖਣ, ਸੁਖੀ ਬਣਾਉਣ ਅਤੇ ਅੱਗੇ ਤੌਰਨ ਦੇ ਯਤਨਾਂ ਕਾਰਨ ਹੀ ਸਭਿਆਚਾਰ ਅੱਗੇ ਤੁਰਦਾ ਹੈ, ਜਦ ਕਿ ਉਹ ਕਦਰਾਂ-ਕੀਮਤਾਂ ਵੀ ਸਭਿਆਚਾਰ ਦਾ ਹੀ ਅੰਗ ਹਨ, ਜਿਨ੍ਹਾਂ ਲਈ ਮਨੁੱਖ ਆਪਣੀ ਹੋਂਦ ਨੂੰ ਵੀ ਵਾਰ ਦੇਂਦਾ ਹੈ। ਮਨੁੱਖ ਦੀ ਜੀਵ-ਵਿਗਿਆਨਕ ਹੋਂਦ ਪ੍ਰਥਮਿਕ ਮਹੱਤਤਾ ਰੱਖਦੀ ਹੈ, ਪਰ ਇਹ ਚੱਲਦੀ ਸਭਿਆਚਾਰ ਅਨੁਸਾਰ ਹੈ।

ਪਸ਼ੂ ਮੂਲ-ਪ੍ਰਵਿਰਤੀਆਂ ਲੈ ਕੇ ਜੰਮਦਾ ਹੈ। ਇਹ ਮੂਲ-ਪ੍ਰਵਿਰਤੀਆਂ ਆਪਣੀ

73