ਇਹ ਸਫ਼ਾ ਪ੍ਰਮਾਣਿਤ ਹੈ
੧ਓ ਸਤਿਗੁਰਪ੍ਰਸਾਦਿ॥
(ਅਥ ਕਿੱਸਾ ਸਰਦਾਰ ਹਰੀਸਿੰਘ ਲਿਖਯਤੇ)
ਅਲਫ਼ ਆਫ਼ਰੀਂ ਜੰਮਣਾ ਕਹਿਣ ਸਾਰੇ
ਹਰੀ ਸਿੰਘ ਦੂਲੋ ਸਰਦਾਰ ਤਾਈਂ।
ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋ
ਕੱਦ ਉੱਚਾ ਬੁਲੰਦ ਸਰਦਾਰ ਤਾਈਂ।
ਧਨੀ ਤੇਗ਼ ਦਾ ਮਰਦ ਨਸੀਬ ਵਾਲਾਂ
ਸਾਯਾ ਓਸਦਾ ਕੁੱਲ ਸੰਸਾਰ ਤਾਈਂ।
ਕਾਦਰਯਾਰ ਪਹਾੜਾਂ ਨੂੰ ਸੇਧਿਓ ਸੂ
ਕਾਬਲ ਕੰਬਿਆਂ ਖੌਫ਼ ਕੰਧਾਰ ਤਾਈਂ॥੧॥
ਬੇ ਬਹੁਤ ਹੋਯਾ ਹਰੀ ਸਿੰਘ ਦੂਲੋ
ਜਿਸਦਾ ਨਾਮ ਰੌਸ਼ਨ ਦੂਰ ਦੂਰ ਸਾਰੇ।
ਦਿੱਲੀ ਦੱਖਨ ਤੇ ਚੀਨ ਮਚੀਨ ਤਾਈਂ
ਬਾਦਸ਼ਾਹਾਂ ਨੂੰ ਖ਼ੌਫ਼ ਜ਼ਰੂਰ ਸਾਰੇ।