ਅਸੀਂ ਅਪਣਿਆਂ ਘਰਾਂ ਨੂੰ ਉਠ ਜਾਣਾ
ਬੋਲਿਆ ਚਲਿਆ ਮਾਫ ਕਰਨਾ
ਪਤਾ ਨਹੀਂ ਦੋਬਾਰਾ ਮੇਲ ਹੋਵੇ ਜਾਂ ਨਾ ਹੋਵੇ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਵਿਚ ਰੌਣਾ
ਨੀ ਖੂਹ ਦੇ ਚੱਕ ਵਾਂਗੂੰ
ਫੇਰ ਨੀ ਜਗਤ ਤੇ ਆਉਣਾ
ਖੂਹ ਦੇ ਚੱਕ ਵਾਂਗੂੰ
ਕੋਈ ਵਿਛੜਨ ਲੱਗੀ ਸਹੇਲੀ ਛੇਤੀ ਮੁਕਲਾਵੇ ਜਾਣ ਵਾਲ਼ੀ ਸਹੇਲੀ ਨੂੰ
ਅੱਖਾਂ ਵਿਚ ਗਲੇਡੂ ਭਰਕੇ ਤਨਜ਼ ਭਰੇ ਮੋਹ ਨਾਲ਼ ਆਖਦੀ ਹੈ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਗਾਨੀ
ਨੀ ਮਾਪੇ ਤੈਨੂੰ ਘਟ ਰੋਣਗੇ
ਬਹੁਤਾ ਰੋਣਗੇ ਦਿਲਾਂ ਦੇ ਜਾਨੀ
ਮਾਪੇ ਤੈਨੂੰ ਘਟ ਰੋਣਗੇ
ਸਹੁਰੇ ਜਾਂਦੀ ਧੀ ਦੀ ਵਿਲਕਣੀ ਮਾਂ ਦਾ ਹਿਰਦਾ ਵਲੂੰਧਰ ਦੇਂਦੀ ਹੈ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨਾਂ ਦੀ ਆਰੀ
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚਲੀਆਂ ਸਰਦਾਰੀ
ਆਹ ਲੈ ਮਾਏ ਸਾਂਭ ਕੁੰਜੀਆਂ
ਘਰਾਂ ਨੂੰ ਪਰਤਦੀਆਂ ਹੋਈਆਂ ਮੇਲਣਾਂ ਸਮਾਜ ਵਿਚ ਨੇਕੀ ਖੱਟਣ ਦਾ
ਰਾਜ਼ ਵੀ ਸਮਝਾ ਜਾਂਦੀਆਂ ਹਨ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਮੁਰਕੀ ਚੁਰਕੀ ਕੰਨਾਂ ਦੇ ਵਾਲ਼ੇ
ਬਈ ਨੇਕੀ ਖਟ ਜਾਣਗੇ
ਮਿੱਠੀਆਂ ਜ਼ਬਾਨਾਂ ਵਾਲੇ
ਬਈ ਨੇਕੀ ਖਟ ਜਾਣਗੇ
ਵਿਆਹ ਸਮਾਗਮਾਂ ਵਿਚ ਆਈ ਤਬਦੀਲੀ ਕਾਰਨ ਅਜਕਲ ਵਿਆਹ ਵਿੱਚ ਸ਼ਰੀਕ ਹੋਈਆਂ ਮੇਲਣਾਂ ਨੂੰ ਇਹ ਗੀਤ ਗਾਉਣ ਦਾ ਅਵਸਰ ਹੀ ਪ੍ਰਾਪਤ ਨਹੀਂ ਹੁੰਦਾ ਜਿਸ ਕਰਕੇ ਇਹਨਾਂ ਦੀ ਸਿਰਜਣ ਪ੍ਰਕਿਰਆ ਵੀ ਸਮਾਪਤ ਹੋ ਗਈ ਹੈ। ਇਹ ਸੈਂਕੜਿਆਂ ਦੀ ਗਿਣਤੀ ਵਿਚ ਉਪਲਭਧ ਹਨ। ਇਹਨਾਂ ਨੂੰ ਸਾਂਭਣ ਦੀ ਫੌਰੀ ਲੋੜ ਹੈ। ਇਹ ਪੰਜਾਬੀ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹਨ।
124 / ਸ਼ਗਨਾਂ ਦੇ ਗੀਤ