ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/126

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਤੀਰ
ਤੁਸੀਂ ਮੇਰੀਆਂ ਭੈਣਾਂ ਲੱਗੀਆਂ
ਮੈਂ ਆਂ ਥੋਡਾ ਵੀਰ
ਉਹ ਆਪਣੀਆਂ ਸਾਲ਼ੀਆਂ ਦਾ ਦਿਲ ਜਿੱਤਣ ਲਈ ਉਹਨਾਂ ਦੀ ਭੈਣ ਨੂੰ
ਆਪਣੀ ਮੁੰਦਰੀ ਦਾ ਹੀਰਾ ਬਣਾ ਕੇ ਰੱਖਣ ਦੀ ਗਲ ਕਰਦਾ ਹੈ:-
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੀਰਾ
ਭੈਣ ਥੋਡੀ ਨੂੰ ਇਉਂ ਰੱਖੂਗਾ
ਜਿਉਂ ਮੁੰਦਰੀ ਵਿਚ ਹੀਰਾ
ਫੇਰ ਉਹ ਹੌਲੀ ਹੌਲੀ ਸੁਰ ਬਦਲਦਾ ਹੈ:-
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਸੋਟੀਆਂ
ਉਪਰੋਂ ਤਾਂ ਤੁਸੀਂ ਮਿੱਠੀਆਂ
ਦਿਲ ਦੇ ਵਿਚ ਖੋਟੀਆਂ
ਸਾਲੀ ਦੀ ਵੱਢੀ ਚੂੰਢੀ ਦੀ ਚੀਸ ਉਸ ਨੂੰ ਭੁਲਦੀ ਨਹੀਂ। ਉਹ ਚੀਸ ਵਟਕੇ
ਛੰਦ ਸੁਣਾ ਦੇਂਦਾ ਹੈ:-
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਝਾਮਾਂ
ਸਾਲ਼ੀ ਮੇਰੀ ਨੇ ਚੂੰਢੀ ਵੱਢੀ
ਹੁਣ ਕੀ ਲਾਜ ਬਣਾਵਾਂ
ਉਹ ਆਪਣੀ ਸੱਸ ਅਤੇ ਸਹੁਰੇ ਨੂੰ ਆਪਣੇ ਛੰਦਾਂ ਦੇ ਪਾਤਰ ਬਣਾ ਲੈਂਦਾ
ਹੈ:-
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਘਿਓ
ਸੱਸ ਲੱਗੀ ਅਜ ਤੋਂ ਮਾਂ ਮੇਰੀ
ਸਹੁਰਾ ਲਗਿਆ ਪਿਓ
ਏਥੇ ਹੀ ਬੱਸ ਨਹੀਂ ਉਹ ਤਾਂ ਆਪਣੀ ਸੱਸ ਨੂੰ ਪਾਰਵਤੀ ਅਤੇ ਸਹੁਰੇ ਨੂੰ
ਪਰਮੇਸ਼ਰ ਦਾ ਦਰਜਾ ਦੇ ਦਿੰਦਾ ਹੈ। ਸੱਸ ਫੁੱਲੀ ਨਹੀਂ ਸਮਾਂਦੀ:-
ਛੰਦ ਪਰਾਗੇ ਆਈਏ ਜਾਈਏ
ਛੰਦੇ ਪਰਾਗੇ ਕੇਸਰ
ਸੱਸ ਤਾਂ ਮੇਰੀ ਪਾਰਵਤੀ
ਸਹੁਰਾ ਮੇਰਾ ਪਰਮੇਸ਼ਰ

126 / ਸ਼ਗਨਾਂ ਦੇ ਗੀਤ