ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਸੇ ਨੀ ਧਨ ਤੇਰਾ ਕਾਲਜਾ
ਧਨ ਤੇਰਾ ਹੀਆ
ਪੁੱਤ ਪ੍ਰਦੇਸਾਂ ਨੂੰ ਤੋਰਿਆ ਨੀ

ਨੂੰਹੇ ਨੀ ਜਲੇ ਬੁਝੇ ਕਾਲਜਾ
ਅੱਗ ਲੱਗੇ ਹੀਆ
ਪੁੱਤ ਖੱਟੀ ਨੂੰ ਤੋਰਿਆ ਨੀ

ਨਣਦੇ ਨੀ ਕਢ ਫੁਲਕਾਰੀਆਂ
ਪੱਲਿਆਂ ਵਾਲ਼ੀਆਂ ਨੀ
ਜੇ ਤੇਰਾ ਵੀਰਜੁ ਆਉਂਦਾ ਨੀ

ਭਾਬੋ ਨੀ ਕੱਢੀਆਂ ਫੁਲਕਾਰੀਆਂ
ਪੱਲਿਆਂ ਵਾਲ਼ੀਆਂ ਨੀ
ਵੀਰਜੁ ਨੇ ਮੋੜਾ ਨਾ ਪਾਇਆ ਨੀ

ਭਾਬੋ ਨੀ ਲਿਪ ਬਨੇਰਾ
ਝਾਕ ਚੁਫੇਰਾ ਨੀ
ਜੇ ਡੇਰਾ ਕੰਤ ਆਵੇ ਨੀ

ਨਣਦੇ ਲਿੱਪਿਆ ਬਨੇਰਾ
ਝਾਕਿਆ ਚੁਫੇਰਾ ਨੀ
ਤੇਰੇ ਵੀਰਨ ਮੋੜਾ ਪਾਇਆ ਨੀ

ਸੱਸੇ ਨੀ ਦੰਮਾਂ ਦੀਆਂ ਬੋਰੀਆਂ
ਹੱਡਾਂ ਦੀਆਂ ਢੇਰੀਆਂ
ਉਹ ਤੇਰੇ ਕਿਸ ਕੰਮ ਆਈਆਂ ਨੀ
ਕੂੰਜੇ ਨੀ ਕੀ ਸਰ ਨ੍ਹਾਉਨੀ ਏਂ....

ਬਿਨ੍ਹਾਂ ਕੁਠੇ ਗੀਤਾਂ ਤੋਂ ਉਪਰੰਤ ਸਾਉਣ ਦੇ ਦਿਨਾਂ ਵਿਚ ਹਾਸੇ ਮਖੌਲਾਂ ਭਰੇ ਗੀਤ ਵੀ ਗਾਏ ਜਾਂਦੇ ਹਨ । ਇਹਨਾਂ ਦਿਨਾਂ ਵਿਚ ਕੁੜੀਆਂ ਪ੍ਰਤੀ ਦਿਨ ਪਿੰਡੋਂ ਬਾਹਰ ਬਰੋਟਿਆ ਤੇ ਟਾਹਲੀਆਂ ਦੇ ਦਰਖਤਾਂ ਨਾਲ ਪੀਂਘਾਂ ਪਾਕੇ ਪੀਂਘਾਂ ਝੂਟਦੀਆਂ ਹਨ ਨਾਲ਼ੇ ਪਾ ਪਾਉਂਦੀਆਂ ਹਨ। ਗੋਰੇ ਗੋਰੇ ਹੱਥਾਂ ਤੇ ਮਹਿੰਦੀ ਲਾਈ ਗੋਰੀਆਂ ਬਾਹਾਂ ਰਾਂਗਲੀਆਂ ਵਰੀ ਨਾਲ਼ ਸਜਾ, ਰੰਗ ਬਿਰੰਗੀਆਂ ਪੁਸ਼ਾਕਾਂ ਪਹਿਨੀਂ-ਪੀਂਘਾਂ ਝੂਟਦੀਆਂ ਮੁਟਿਆਰਾਂ ਇਕ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ:-

134 / ਸ਼ਗਨਾਂ ਦੇ ਗੀਤ