ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਬਰ ਜਿਸਨੂੰ ਭਾਲ ਰਿਹਾ ਕਲ ਸਾਰੀ ਰਾਤ
ਚੰਨ ਉਹ ਸਾਡੇ ਨਾਲ ਰਿਹਾ ਕਲ ਸਾਰੀ ਰਾਤ

ਤੇਰੀ ਫੋਟੋ ਤੇ ਖ਼ਤ ਕਰਕੇ ਲੀਰੋ-ਲੀਰ
ਰੋਂਦਾ ਦਿਲ ਦਾ ਬਾਲ ਰਿਹਾ ਕਲ ਸਾਰੀ ਰਾਤ

ਲਿਖ ਬੈਠਾ ਕੀ ਹਾਲ ਉਨ੍ਹਾਂ ਨੂੰ ਦਿਲ ਦਾ ਮੈਂ
ਮੇਰਾ ਦਿਲ ਬੇਹਾਲ ਰਿਹਾ ਕਲ ਸਾਰੀ ਰਾਤ

ਦਿਨ ਚੜ੍ਹਿਆਂ ਤਾਂ ਸੂਰਜ ਡੁੱਬਾ ਜੀਵਨ ਦਾ
ਹੋਣੀ ਨੂੰ ਮੈਂ ਟਾਲ ਰਿਹਾ ਕਲ ਸਾਰੀ ਰਾਤ

ਤੇਰੇ ਗ਼ਮ ਨੇ ਦਰ ਖੜਕਾਇਆ ਸ਼ਾਮ ਢਲੇ
ਮੰਗਲ ਮਾਲੋਂ ਮਾਲ ਰਿਹਾ ਕੁਲ ਸਾਰੀ ਰਾਤ

48/ਸ਼ਬਦ ਮੰਗਲ