ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਘਟਨਾ ਨੂੰ ਲੈ ਕੇ ਸਾਹਿਤਕ ਰਚਨਾ ਕਰਨੀ ਬਹੁਤ ਹੀ ਮੁਸ਼ਕਿਲ ਕਾਰਜ ਹੈ। ਲੇਖਕ ਇਤਿਹਾਸ ਨਾਲ ਖਿਲਵਾੜ ਨਹੀਂ ਕਰ ਸਕਦਾ। ਪਰ ਇਤਿਹਾਸ ਨੂੰ ਸਾਹਿਤ ਵਿਚ ਢਾਲਣਾ ਵੀ ਜ਼ਰੂਰੀ ਹੈ। ਪਰ ਅਜੇਹਾ ਕਰਦੇ ਸਮੇਂ ਇਕ ਸ਼ਰਤ ਲੇਖਕ ਲਈ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਕਿ ਉਹ ਇਤਿਹਾਸਕ ਵਿਸ਼ੇ ਨੂੰ ਅਪਣੇ ਯੁਗ ਦੀ ਲੋੜ ਵੀ ਬਣਾਵੇ। ਨਹੀਂ ਤਾਂ ਕੇਵਲ ਪਰੀਆਂ ਦੀਆਂ ਬਾਤਾਂ ਪਾਉਣ ਦੇ ਕੋਈ ਅਰਥ ਨਹੀਂ। ਖੁਸ਼ੀ ਦੀ ਗਲ ਹੈ ਕਿ ਨਾਟਕਕਾਰ ਨੇ ਇਸ ਪੱਖ ਵਲ ਪੂਰਾ ਧਿਆਨ ਦਿੱਤਾ ਹੈ। ਅਜਿਹਾ ਕਰਨ ਲਈ ਉਸਨੇ ਫੈਂਟਸੀ ਦੀ ਵਿਧਾ ਅਪਣਾਈ ਹੈ। ਉਸਨੇ ਭਗਤ ਸਿੰਘ ਦੇ ਸਮੇਂ ਨੂੰ ਅਜੋਕੇ ਸਮੇਂ ਨਾਲ ਜੋੜਨ ਲਈ ਭਗਤ ਸਿੰਘ ਦੇ ਪਾਤਰ ਨੂੰ ਸੂਤਰਧਾਰ ਵਜੋਂ ਵੀ ਵਰਤਿਆ ਹੈ ਅਤੇ ਉਸਦੀ ਸਹਾਇਤਾ ਲਈ ਇਕ 'ਅਜਨਬੀ' ਨਾਂ ਦਾ ਪਾਤਰ ਵੀ ਘੜਕੇ ਖੜਾ ਕਰ ਦਿਤਾ ਹੈ।

ਨਾਟਕਕਾਰ ਨੇ ਜਿਸ ਸਥਾਨ ਨੂੰ ਨਾਟਕ ਵਿਚ ਦਰਸਾਇਆ ਹੈ ਉਹ ਇਕ ਮਿਊਜ਼ਮ ਹੈ। ਭਗਤ ਸਿੰਘ ਦਾ ਮਿਊਜ਼ਮ... ਪਾਤਰ ਭਗਤ ਸਿੰਘ ਅਪਣੇ ਸਾਥੀ (ਅਜਨਬੀ) ਨਾਲ ਮਿਊਜ਼ਮ ਵਿਚ ਦਾਖ਼ਲ ਤਾਂ ਹੋ ਜਾਂਦਾ ਹੈ ਪਰ ਉਸਨੂੰ ਬਾਹਰ ਨਿਕਲਣ ਦਾ ਰਾਹ ਨਜ਼ਰ ਨਹੀਂ ਆਉਂਦਾ। ਭਗਤ ਸਿੰਘ ਦੇ ਬਾਰੇ ਵਿਚ ਅਜ ਦਾ ਇਹ ਸੱਚਾ-ਸੁੱਚਾ ਬਿੰਬ ਹੈ। ਕੁਝ ਲੋਕ ਭਗਤ ਸਿੰਘ ਦੇ ਸਿਰ ਤੇ ਕੇਸਰੀ ਪੱਗ ਸਜਾ ਰਹੇ ਹਨ, ਜਿਸ ਰੰਗ ਦੀ ਉਸਨੇ ਕਦੀ ਵੀ ਨਹੀਂ ਬੰਨ੍ਹੀ। ਦੂਜੇ ਉਸਦੇ ਸਿਰ ਤੇ ਹੈਟ ਸਜਾ ਰਹੇ ਹਨ। ਭਗਤ ਸਿੰਘ ਨੂੰ ਧਰਮ ਅਤੇ ਜਾਤਾਂ-ਪਾਤਾਂ ਵਿਚ ਵੰਡਿਆ ਜਾ ਰਿਹਾ ਹੈ। ਉਸਦੀ ਗਲੋਬਲ ਸੋਚ ਨੂੰ ਕੌਮਪ੍ਰਸਤੀ ਤਕ ਸੀਮਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਭਗਤ ਸਿੰਘ ਫੈਸ਼ਨ ਵਜੋਂ ਕਾਰਾਂ, ਟਰੱਕਾਂ ਦੇ ਸ਼ੀਸ਼ਿਆਂ ਦਾ ਸ਼ਿੰਗਾਰ ਤਾਂ ਬਣ ਗਿਆ ਹੈ ਪਰ ਵੇਖਣਾ ਇਹ ਹੈ ਕਿ ਅਸੀਂ ਉਸਦੀ ਸੋਚ ਨੂੰ ਕਿੰਨਾ ਕੁ ਅਪਣਿਆ ਹੈ। ਭਗਤ ਸਿੰਘ ਨੂੰ ਪਰਾਏ ਤਾਂ ਨਹੀਂ ਮਾਰ ਸਕੇ। ਮਹਾਤਮਾ ਗਾਂਧੀ ਨੂੰ ਅਸਾਂ ਇਕੋ ਗੋਲੀ ਨਾਲ ਮਾਰ ਦਿੱਤਾ। ਪਰ ਭਗਤ ਸਿੰਘ ਨੂੰ ਅਸੀਂ ਕੋਹ-ਕੋਹ ਕੇ ਮਾਰ ਰਹੇ ਹਾਂ। ਚੰਗਾ ਹੋਵੇਗਾ ਜੇ ਅਸੀਂ ਭਗਤ ਸਿੰਘ ਨੂੰ ਵੰਨ-ਸੁਵੰਨੇ ਅਜਾਇਬ ਘਰਾਂ ਵਿਚੋਂ ਕੱਢਕੇ ਉਸਦੀ ਸੋਚ ਨੂੰ ਸਾਹਿਤ ਵਿਚ ਸੰਭਾਲ ਸਕੀਏ। ਸਾਹਿਤ ਜੋ ਕਿਸੇ ਵੀ ਰੂਪ ਵਿਚ ਲੋਕਾਂ ਤੀਕ ਪਹੁੰਚ ਬਣਾ ਲੈਂਦਾ ਹੈ। ਇਸ ਤਰ੍ਹਾਂ ਭਗਤ ਸਿੰਘ ਜੋ ਲੋਕਾਂ ਦਾ ਸੀ, ਲੋਕਾਂ ਦਾ ਹੈ, ਉਹ ਲੋਕਾਂ ਤੀਕ ਪਹੁੰਚਦਾ ਰਹੇਗਾ।

ਬਲਰਾਮ ਬੋਧੀ ਦਾ ਤੁਹਾਡੇ ਹਥ ਵਿਚਲਾ ਇਹ ਨਾਟਕ ਇਸ ਦਿਸ਼ਾ ਵਲ ਇਕ ਅਜੇਹਾ ਹੀ ਸੁਚੇਤ ਅਤੇ ਸੁਚੱਜਾ ਯਤਨ ਹੈ।

ਦਵਿੰਦਰ ਦਮਨ


HM-90, Sector 59 (Phase 4)


Mohali, Punjab. 160059.


Mobile: 9855109660.


e-mail:davinderdaman@gmail.com

16 :: ਸ਼ਹਾਦਤ ਤੇ ਹੋਰ ਨਾਟਕ