ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਸ਼ਵਰਾ ਮੁਫ਼ਤ

ਅੱਜ ਦੇ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਪੈਸਿਆਂ ਨਾਲ ਵੀ ਚੀਜ਼ਾਂ ਮਿਲਣੀਆਂ ਮੁਸ਼ਕਲ ਹੋਈਆਂ ਪਈਆਂ ਹਨ ਅਤੇ ਅਜਿਹੇ ਹਾਲਾਤ ਵਿੱਚ ਜੇ ਕਿਸੇ ਨੂੰ ਕੋਈ ਵਸਤੂ ਮੁਫ਼ਤ ਮਿਲ ਜਾਵੇ ਤਾਂ ਯਕੀਨਨ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗੀ। ਹੁਣ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਅੱਜ ਦੇ ਜ਼ਮਾਨੇ ਵਿਚ ਲੱਗਭਗ ਹਰ ਵਸਤੂ ਹੀ ਮੁਫ਼ਤ ਮਿਲਦੀ ਹੈ ਤਾਂ ਜਿਥੇ ਤੁਹਾਨੂੰ ਇਸ ਨਾਲ ਕੁਝ ਹੈਰਾਨੀ ਵੀ ਹੋਵੇਗੀ, ਉਥੇ ਇਸ ਪ੍ਰਤੀ ਜਾਨਣ ਲਈ ਉਤਸੁਕਤਾ ਵੀ ਲਾਜ਼ਮੀ ਵੱਧ ਗਈ ਹੋਵੇਗੀ। ਇਸ ਪ੍ਰਤੀ ਜਾਣਕਾਰੀ ਲੈਣ ਲਈ ਵੀ ਅਸੀਂ ਕੋਈ ਤੁਹਾਡਾ ਕੋਈ ਪੈਸਾ ਨਹੀਂ ਖਰਚ ਹੋਣ ਦੇਵਾਂਗੇ। ਬੱਸ ਤੁਸੀਂ ਸਾਡੀ ਕੰਪਨੀ ਦੇ ਮਸ਼ਵਰਾ ਮੁਫ਼ਤ ਸੈੱਲ ਨਾਲ ਸੰਪਰਕ ਕਰੋ। ਅਸੀਂ ਤੁਹਾਨੂੰ ਇਹ ਦੱਸਣ ਵਿੱਚ ਵੀ ਖੁਸ਼ੀ ਮਹਿਸੂਸ ਕਰਾਂਗੇ ਕਿ ਸਾਡੀ ਕੰਪਨੀ, ਜੋ ਅਕਸਰ ਘਾਟੇ ਵਿੱਚ ਹੀ ਜਾਇਆ ਕਰਦੀ ਸੀ, ਆਪਣਾ ਮਸ਼ਵਰਾ ਮੁਫ਼ਤ ਸੈੱਲ ਖੋਲਣ ਉਪਰੰਤ ਥੋੜੇ ਚਿਰ ਵਿੱਚ ਹੀ ਮਾਲਾ-ਮਾਲ ਹੋ ਗਈ ਹੈ।

ਤੁਸੀਂ ਆਪਣੇ ਟੀ.ਵੀ. ਦਾ ਬਟਨ ਔਨ ਕਰੋ। ਮਿਹਰ ਮਿੱਤਲ ਜੀ, ਡੋਕਲ ਜਿਹੀ ਕੱਛ ਪਾਈ ਦਰਸ਼ਨ ਦੇਣਗੇ, ਸ਼ਬਦ ਹੋਣਗੇ, ਦੋ ਕਿਲੋ ਸੋਨਾ... ਮੁਫ਼ਤ ਵੱਡੀਆਂ ਕਾਰਾਂ... ਮੁਫ਼ਤ। ਛੋਟੀਆਂ ਕਾਰਾਂ ਮੁਫ਼ਤ ਕਲਰ ਟੀ.ਵੀ., ਫਰਜ, ਮੋਟਰਸਾਈਕਲ, ਸਕੂਟਰ, ਏ ਸੀ. ਕੁਲਰ, ਬੈਂਡ-ਸੋਫੇ, ਪੱਖੇ, ਪ੍ਰੈਸਾਂ ਅਤੇ ਸਾਈਕਲ ਆਦਿ ਸਭ ਕੁਛ ਮੁਫ਼ਤ, ਮੁਫ਼ਤ, ਮੁਫ਼ਤ!!! ਬੱਸ ਦੀਵਾਲੀ ਬੰਪਰ, ਵਿਸਾਖੀ ਬੰਪਰ, ਰਾਖੀ ਬੰਪਰ ਜਾਂ ਕਿਸੇ ਵੀ ਬੰਪਰ ਦੀ ਇੱਕ ਟਿਕਟ ਸਿਰਫ ਇੱਕ ਸੌ ਦਾ ਨੋਟ।

ਮੁਫ਼ਤ ਮਿਲਣ ਵਾਲੀਆਂ ਵਸਤਾਂ ਦੀ ਸੂਚੀ ਕਾਫੀ ਲੰਬੀ ਹੈ। ਕਾਹਲੇ ਨਾ ਪਓ, ਜਰਾ ਜ਼ਬਤ ਤੋਂ ਕੰਮ ਲਵੋ। ਟੀਵੀ. ਵਿੱਚ ਦਿੱਤੇ ਜਾਣ ਵਾਲੇ ਨੱਬੇ ਪ੍ਰਤੀਸ਼ਤ ਵਿਗਿਆਪਨਾਂ ਵਿੱਚ ਕੁਝ ਨਾ ਕੁਝ ਜ਼ਰੂਰ ਮੁਫ਼ਤ ਮਿਲਦਾ ਹੈ। ਪਾਊਡਰ ਦੇ ਡੱਬੇ ਨਾਲ ਇਕ ਸਾਬਣ ਦੀ ਟਿੱਕੀ ਮੁਫ਼ਤ, ਮੁਫ਼ਤ ਟੁਥਪੇਸਟ ਨਾਲ ਇਕ ਟੁੱਥ ਬਰੱਸ਼ ਮੁਫ਼ਤ। ਸ਼ੇਵਿੰਗ ਕੀਮ ਨਾਲ ਇੱਕ ਬਲੇਡਾਂ ਦੀ ਡੱਬੀ ਮੁਫ਼ਤ ਆਦਿ ਆਦਿ।

ਉਂਝ ਤਾਂ ਘਰ ਬੈਠੇ ਹੀ ਟੀ.ਵੀ. ਤੇ ਪਬਲੀਸਿਟੀ ਮਾਧਿਅਮ ਦੀ ਕਿਰਪਾ ਕਰਕੇ ਲੱਖਾਂ ਮੁਫ਼ਤ ਦੇ ਤੋਹਫੇ ਦਿਨ-ਰਾਤ ਤੁਹਾਡੇ ਦਰਾਂ ਤੇ ਦਸਤਕ ਦਿੰਦੇ ਰਹਿੰਦੇ ਹਨ ਪ੍ਰੰਤੂ ਜੇਕਰ ਹਾਲੇ ਵੀ ਤਸੱਲੀ ਨਹੀਂ ਹੁੰਦੀ ਤਾਂ ਜਰਾ ਘਰੋਂ ਬਾਹਰ ਆਓ, ਬਾਜ਼ਾਰ ਵਿੱਚ ਅਨੇਕਾਂ ਲਾਟਰੀ ਦੇ ਸਟਾਲਾਂ ਵਾਲੇ ਅਤੇ ਲੱਕੀ ਸਕੀਮਾਂ ਵਾਲੇ ਮੁਫ਼ਤ ਦੇ ਤੋਹਫਿਆਂ ਦੀਆਂ ਰੇਹੜੀਆਂ ਲੱਦੀ ਉਤਸੁਕਤਾ ਵਿੱਚ ਲਗਾਤਾਰ ਵਾਧਾ ਕਰਨ ਲਈ ਕੰਨ-ਪਾੜਵੀਆਂ ਆਵਾਜ਼ਾਂ ਨਾਲ ਤੁਹਾਡੀ

ਸੁੱਧ ਵੈਸ਼ਨੂੰ ਢਾਬਾ/81