ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਉਪਰ ਚਲਣ ਦੀ ਹਿੰਮਤ ਨਹੀਂ। ਜੇ ਕਿਤੇ ਕਿਤੇ ਕੋਈ ਚਲ ਹੀ ਪੈਂਦਾ ਹੈ ਤਾਂ ‘ਪਿਉ-ਦੇ-ਪਿਉ-ਦੇ-ਪਿਉ ਦਾ ਕਸੂਰ' ਉਸ ਨੂੰ ਲੈ ਬਹਿੰਦਾ ਹੈ। ਪੁਸ਼ਤਾਂ ਤੋਂ ਗ਼ਾਲਬ ਚਲੀਆਂ ਆ ਰਹੀਆਂ ਕਦਰਾਂ-ਕੀਮਤਾਂ ਮਨਾਂ ਦੀਆਂ ਧੁਰ ਡੂੰਘਾਣਾਂ ਵਿਚ ਜੜ੍ਹਾਂ ਜਮਾ ਕੇ ਬੈਠੀਆਂ ਹੋਈਆਂ ਹਨ । ਉਥੋਂ ਉਹਨਾਂ ਨੂੰ ਉਖੇੜਨਾ ਕਿਸੇ ਇਕੱਲੇ-ਕਾਰੇ ਦਾ ਕੰਮ ਨਹੀਂ ਹੋ ਸਕਦਾ ਹੈ।

ਇਸ ਪਿਛੋਕੜ ਵਿਚ ਸਚਾਈ ਅਤੇ ਚੰਗਿਆਈ ਸਵੈ-ਘਾਤਕ ਹੋ ਨਿਬੜਦੀਆਂ ਹਨ । ("ਉਹ", "ਗ਼ਲਤ ਮਲਤ", “ਮੈਂਢਾ ਨਾਂ ਰਾਜਕਰਨੀ", "ਖੱਟਾ-ਮਿੱਠਾ ਸੁਆਦ", “ਨਿੱਕਾ ਜਿਹਾ ਤਾਜ ਮਹੱਲ"...ਆਦਿ । ਸਾਧਾਰਨ ਜੀਵ ਲਈ ਇਹ ਚੰਗਿਆਈ ਚੰਗੀ ਲੱਗਣ ਵਾਲੀ ਵੀ ਹੈ, ਖਿੱਚ ਵੀ ਪਾਉਂਦੀ ਹੈ, ਪਰ ਇਸ ਦੀ ਨੇੜਤਾ ਖਿਝ ਵੀ ਚਾੜ੍ਹਦੀ ਹੈ, ਦਮ ਵੀ ਘੁਟਦਾ ਹੈ। "ਖੱਟਾ-ਮਿੱਠਾ ਸੁਆਦ ਇਹੋ ਜਿਹੇ ਪਾਤਰਾਂ ਦੀ ਵਧੇਰੇ ਮਨਭਾਉਂਦੀ, ਸਗੋਂ ਆਦਰਸ਼ਕ ਸਥਿਤੀ ਹੈ । “ਇਕ ਵਾਰ ਸਾਫ਼ ਕੀਤਾ, ਕੂੜੇ ਦਾ ਢੇਰ ਫੇਰ ਹੋ ਜਾਵੇਗਾ, ਸ਼ੀਰੀਂ ਆਪਣੇ ਧਿਆਨ ਬੋਲ ਰਹੀ ਸੀ। “ਕੂੜਾ ਬਾਹਰੋਂ ਥੋੜ੍ਹਾ ਆਂਦਾ ਏ । ਪਹਿਲੇ ਆਪ ਹੀ ਇਹ ਕੂੜਾ ਕਰਦੇ ਨੇ। ਫਿਰ ਕੂੜੇ ਦੇ ਢੇਰ ਉਤੇ ਖੇਡ ਲੈਂਦੇ ਨੇ" (ਸਫ਼ਾ 183) । ਇਹ ਹੈ ਫ਼ਲਸਫ਼ਾ ਇਸ ਤਰ੍ਹਾਂ ਦੇ ਲੋਕਾਂ ਦਾ। ਵੈਸੇ ਇਹ ਬੜਾ ਤਰਕਮਈ ਲੱਗਦਾ ਹੈ। ਪਹਿਲੀ ਨਜ਼ਰੇ ਹੋ ਸਕਦਾ ਹੈ ਬਗ਼ਾਵਤ ਭਰਿਆ, ਆਧੁਨਿਕ ਵੀ ਲੱਗੇ । ਪਰ ਅਸਲ ਵਿਚ ਇਹ ਅੰਨ੍ਹੀ-ਜੀਵ-ਵਿਗਿਆਨ ਬਿਰਤੀ ਦਾ ਲਖਾਇਕ ਹੈ, ਜਿਸ ਵਿਚ ਚੇਤਨ ਜੀਵਨ-ਘੋਲ ਦੀ ਥਾਂ ਨਹੀਂ। ਇਸੇ ਲਈ ਇਹ ਚੰਗਿਆਈ ਤੋਂ ਤ੍ਰਾਂਹਦਾ ਹੈ, ਇਸ ਤੋਂ ਨਠਦਾ ਹੈ, ਸਗੋਂ ਇਸ ਨੂੰ ਨੀਵਾਂ ਹੋਇਆ ਦੇਖਣਾ ਚਾਹੁੰਦਾ ਹੈ ।

"ਹਬੀਬ ਜਾਨ" ਨੂੰ ਪਿਆਰ ਲਈ ਸਿੱਕਦੀ ਰੂਹ ਵਜੋਂ ਵੀ ਦੇਖਿਆ ਜਾ ਸਕਦਾ ਹੈ ਜਿਹੜੀ ਜਦੋਂ ਮੰਜ਼ਲ ਪਾ ਲੈਂਦੀ ਹੈ ਤਾਂ ਮੁੱਕ ਜਾਂਦੀ ਹੈ । ਪਰ ਉਪਰੋਕਤ ਸਾਰੀ ਬਹਿਸ ਦੇ ਚਾਨਣ ਵਿਚ ਅਸੀਂ ਉਸ ਵਿਚ ਵੀ ਸ਼ੀਰੀਂ ("ਖੱਟਾ-ਮਿੱਠਾ ਸੁਆਦ") ਦਾ ਚਿਹਰਾ ਪਛਾਣ ਸਕਦੇ ਹਾਂ । ਸਿਰਫ਼ ਸ਼ੀਰੀਂ ਦਾ ਚਿਤ੍ਰ, ਵਧੇਰੇ ਸ਼ੋਖ਼ੀ ਭਰਿਆ ਹੈ, ਜਦ ਕਿ ਹਬੀਬ ਜਾਨ ਨੂੰ ਚਿਤ੍ਰਣ ਵਿਚ ਲੇਖਕ ਨੇ ਸੰਜਮ ਤੋਂ ਕੰਮ ਲਿਆ ਹੈ, ਕਿਉਂਕਿ ਉਸ ਦੀ ਸਥਿਤੀ ਇਸ ਸੰਜਮ ਦੀ ਮੰਗ ਕਰਦੀ ਹੈ । ਇਸੇ ਚਾਨਣ ਵਿਚ ਹੀ ਅਖ਼ੀਰ ਵਿਚ ਕੀਤੀ ਗਈ ਟਿੱਪਣੀ ਸਮਝ ਆਉਂਦੀ ਹੈ “ਉਹ ਤੇ ਖਬਰੇ ਕਈ ਵਰ੍ਹੇ ਉਡੀਕ ਸਕਦੀ ਸੀ, ਇਕ ਹੋਰ ਕਿਲ੍ਹੇ ਨੂੰ ਢਾਹਣ ਲਈ ।...” (ਸਫਾ 224)

ਕਦਰਾਂ-ਕੀਮਤਾਂ ਦੇ ਇਸ ਸਾਰੇ ਸੰਬਾਦ ਵਿਚ ਲੇਖਕ ਨਿਰਪਖ ਹੋਣ ਦਾ ਪ੍ਰਭਾਵ ਪਾਉਂਦਾ ਹੈ । ਪਰ ਇਹ ਉਸ ਦੀ ਕਲਾ ਹੈ, ਰਜ਼ਾ ਨਹੀਂ। ਮਨੁੱਖੀ ਕਦਰਾਂ-ਕੀਮਤਾਂ ਦੇ ਸੰਬੰਧ ਵਿਚ ਲੇਖਕ ਨਿਰਪਖ ਨਹੀਂ ਹੁੰਦਾ, ਦੁੱਗਲ ਵੀ ਨਹੀਂ । ਅਤੇ ਜਿਥੇ ਉਸ ਨੂੰ ਖ਼ਿਆਲ ਹੋਵੇ ਕਿ ਭੁਲੇਖਾ ਪੈਣ ਦੀ ਸੰਭਾਵਨਾ ਹੈ, ਉਥੇ ਉਹ ਕੋਈ ਨਾ ਕੋਈ ਟਿੱਪਣੀ ਕਰ ਦੇਂਦਾ ਹੈ । “ਔਰਤ ਜ਼ਾਤ” ਕਹਾਣੀ ਦਾ ਨਾਂ ਇਸ ਤਰ੍ਹਾਂ ਦੀ ਟਿੱਪਣੀ ਹੈ। ਲੇਖਕ ਸ਼ਕੀਲ ਪ੍ਰਤਿ ਤਾਂ ਹਮਦਰਦੀ ਰਖਦਾ ਹੀ ਨਹੀਂ, ਪਰ ਬੇਗਮ ਸ਼ਕੀਲ ਪ੍ਰਤਿ ਵੀ ਹਮਦਰਦੀ ਨਹੀਂ

95