ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੨

ਪਵੇ ਤਾਂ ਉਸਤਾਦ ਨੂੰ ਚਾਹੀਦਾ ਹੈ ਕਿ ਇਕ ਹੋਰ ਪ੍ਰਸ਼ਨ ਪੁਛ ਕੇ ਬੱਚੇ ਤੋਂ ਉਸ ਦੋ ਵਿਸ਼ੇਸ਼ ‘ਹਾਂ' ਜਾਂ ‘ਨਹੀਂ' ਦੇ ਉਤਰ ਦਾ ਕਾਰਨ ਪੁੱਛੇ। ਮੰਨ ਲੌ, ਇਕ ਉਸਤਾਦ ਇਤਿਹਾਸ ਪੜ੍ਹਾਉਣ ਵੇਲੇ ਬਚਿਆਂ ਤੋਂ ਪ੍ਰਸ਼ਨ ਪੁਛਦਾ ਹੈ--"ਕੀ ਅਕਬਰ ਦਾ ਰਾਜਪੂਤ ਲੜਕੀਆਂ ਨਾਲ ਸ਼ਾਦੀ ਕਰਨਾ ਠੀਕ ਸੀ?" ਇਸ ਪ੍ਰਸ਼ਨ ਦੇ ਉੱਤਰ ਵਿਚ ਕੁਝ ਲੜਕੇ 'ਹਾਂ' ਕਹਿਣਗੇ ਅਤੇ ਕੁਝ ‘ਨਹੀਂ' ਕਹਿਣਗੇ। ਜਿਹੜੇ ਮੁੰਡੇ ਉਤਰ ਵਿਚ 'ਹਾਂ' ਕਹਿਣ ਉਨ੍ਹਾਂ ਤੋਂ ਅਗੋਂ ਇਹ ਸੁਆਲ ਪੁਛਣਾ ਚਾਹੀਦਾ ਹੈ--"ਅਕਬਰ ਦੀ ਇਸ ਨੀਤੀ ਨੂੰ ਤੁਸੀਂ ਠੀਕ ਕਿਉਂ ਸਮਝਦੇ ਹੋ?” ਇਸੇ ਤਰ੍ਹਾਂ ‘ਨਹੀਂ’ ਦਾ ਉਤਰ ਦੇਣ ਵਾਲਿਆਂ ਤੋਂ ਪੁਛਣਾ ਚਾਂਹੀਦਾ ਹੈ--'ਤੁਸੀਂ ਅਕਬਰ ਦੀ ਨੀਤੀ ਨੂੰ ਗਲਤ ਕਿਉਂ ਸਮਝਦੇ ਹੋ?"

ਜਿਸ ਤਰ੍ਹਾਂ ‘ਹਾਂ' ਅਤੇ ‘ਨਹੀਂ' ਵਿਚ ਉਤਰ ਆਉਣ ਵਾਲੇ ਪ੍ਰਸ਼ਨਾਂ ਦਾ ਪੁਛਣਾ ਠੀਕ ਨਹੀਂ ਉਸੇ ਤਰ੍ਹਾਂ ਇਕ ਹੀ ਸ਼ਬਦ ਵਿਚ ਉਤਰ ਆਉਣ ਵਾਲੇ ਪ੍ਰਸ਼ਨਾਂ ਦਾ ਪੁਛਣਾ ਠੀਕ ਨਹੀਂ। ਭੂਗੋਲ ਪੜਾਉਣ ਵੇਲੇ ਇਹ ਪ੍ਰਸ਼ਨ ਪੁਛਣਾ ਕਿ "ਇਟਲੀ ਵਿਚ ਕਾਰਖਾਨੇ ਵਧੇਰੇ ਹਨ ਕਿ ਖੇਤੀ ਬਾੜੀ ਦਾ ਕੰਮ ਵਧੇਰੇ ਹੈ? ਬੰਗਾਲ ਦੀ ਜਲਵਾਯੂ ਗਰਮ ਹੈ ਕਿ ਠੰਡੀ?" ਅਜਿਹੇ ਪ੍ਰਸ਼ਨਾਂ ਦਾ ਉਤਰ ਸੋਚਣ ਲਈ ਬਚਿਆਂ ਦੇ ਦਿਮਾਗ ਤੇ ਕੋਈ ਜ਼ੋਰ ਨਹੀਂ ਪੈਂਦਾ, ਇਸ ਲਈ ਇਨ੍ਹਾਂ ਨੂੰ ਨਹੀਂ ਪੁਛਣਾ ਚਾਹੀਦਾ। ਪ੍ਰਸ਼ਨ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਪੁਛਣਾ ਚਾਹੀਦਾ ਜਿਸ ਨਾਲ ਵਿਦਿਆਰਥੀਆਂ ਨੂੰ ਉਸ ਦੇ ਉਤਰ ਦਾ ਇਸ਼ਾਰਾ ਮਿਲ ਜਾਵੇ। "ਰਾਜਪੂਤਾਨੇ ਦਾ ਜਲਵਾਯੂ ਗਰਮ ਹੈ ਨਾ?" ਇਸ ਤਰ੍ਹਾਂ ਦੇ ਪ੍ਰਸ਼ਨ ਵਿਚ ਉਤਰ ਦਾ ਇਸ਼ਾਰਾ ਮਿਲ ਜਾਂਦਾ ਹੈ। ਅਜਿਹੇ ਪ੍ਰਸ਼ਨ ਪੁਛਣਾ ਠੀਕ ਨਹੀਂ। ਇਨ੍ਹਾਂ ਤੋਂ ਵੀ ਬੁਰੇ ਉਹ ਪ੍ਰਸ਼ਨ ਹਨ ਜਿਹੜੇ ਬੱਚੇ ਨੂੰ ਠੀਕ ਉੱਤਰ ਦੇਣ ਦੀ ਥਾਂ ਗਲਤ ਉਤਰ ਦੇਣ ਦਾ ਇਸ਼ਾਰਾ ਕਰਦੇ ਹਨ, ਜਿਹਾ ਕਿ--"ਪੰਜਾਬ ਵਿਚ ਹਰ ਸਮੇਂ ਠੰਡ ਪੈਂਦੀ ਹੈ ਨਾ?” ਇਸ ਤਰ੍ਹਾਂ ਦੇ ਪ੍ਰਸ਼ਨਾਂ ਨਾਲ ਬਚਿਆਂ ਦਾ ਵਿਚਾਰ ਬੇ-ਤਰਤੀਬਾ ਹੋ ਜਾਂਦਾ ਹੈ, ਉਨ੍ਹਾਂ ਦੇ ਮਨ ਵਿਚ ਗਲਤ ਸੰਸਕਾਰ ਵੀ ਵੜ ਜਾਂਦੇ ਹਨ ਜਿਸ ਕਰ ਕੇ ਉਨ੍ਹਾਂ ਨੂੰ ਅੱਗੇ ਜਾ ਕੇ ਅਨੇਕ ਤਰ੍ਹਾਂ ਦੇ ਵਿਸ਼ਿਆਂ ਦੇ ਸੋਚਣ ਵਿਚ ਔਕੜਾਂ ਹੁੰਦੀਆਂ ਹਨ।

ਪ੍ਰਸ਼ਨਾਂ ਦੀ ਸਪਸ਼ਟਤਾ:-ਚੰਗੇ ਪ੍ਰਸ਼ਨ ਹੇਰ ਫੇਰ ਪਾ ਕੇ ਨਹੀਂ ਆਖੇ ਜਾਂਦੇ, ਸਗੋਂ ਥੋੜੇ ਸ਼ਬਦਾਂ ਵਿਚ ਅਤੇ ਸਮਝ ਆਉਣ ਵਾਲੀ ਬੋਲੀ ਵਿਚ ਆਖੇ ਜਾਂਦੇ ਹਨ। ਜਿਥੋਂ ਤਕ ਹੋ ਸਕੇ ਪ੍ਰਸ਼ਨ ਦੀ ਬੋਲੀ ਦਾ ਵਾਕ ਮਿਸਰਤ-ਵਾਕ ਨਾ ਹੋਵੇ। ਮਿਸਰਤ-ਵਾਕ ਦੀ ਥਾਂ ਸਧਾਰਨ-ਵਾਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ ਇਕ ਲੰਬੇ ਪ੍ਰਸ਼ਨ ਨੂੰ ਤੋੜ ਕੇ ਕਈ ਹਿੱਸੇ ਕਰ ਲੈਣੇ ਚਾਹੀਦੇ ਹਨ। ਜੇ ਕੋਈ ਮਿਸਰਤ-ਵਾਕ ਵਾਲਾ ਹੀ ਪ੍ਰਸ਼ਨ ਪੁਛਣਾ ਪਵੇ ਤਾਂ ਉਸ ਦਾ ਪ੍ਰਸ਼ਨ-ਵਾਚਕ ਹਿੱਸਾ ਅੰਤ ਵਿਚ ਰਖਣਾ ਚਾਹੀਦਾ ਹੈ। ਉਦਾਹਰਨ ਵਜੋਂ--'ਕ੍ਰਿਸ਼ਨ ਭਗਵਾਨ ਨੇ ਸੁਦਾਮਾਂ ਦਾ ਸਤਕਾਰ ਕਿਸ ਤਰ੍ਹਾਂ ਕੀਤਾ, ਜਦ ਸੁਦਾਮਾਂ ਉਨ੍ਹਾਂ ਕੋਲ ਗਿਆ?" ਇਸ ਪ੍ਰਸ਼ਨ ਦੀ ਬੋਲੀ ਠੀਕ ਨਹੀਂ। ਪ੍ਰਸ਼ਨ ਨੂੰ ਸਿੱਧਾ ਤੇ ਸਪਸ਼ਟ ਬਨਾਉਣ ਲਈ ਉਸ ਨੂੰ ਹੇਠ ਲਿਖੇ ਰੂਪ ਵਿਚ ਰਖਣਾ ਚਾਹੀਦਾ ਹੈ--"ਜਦ ਸੁਦਾਮਾ ਕ੍ਰਿਸ਼ਨ ਭਗਵਾਨ ਕੋਲ ਗਿਆ ਤਾਂ ਉਨ੍ਹਾਂ ਨੇ ਸੁਦਾਮਾ ਦਾ ਸਤਕਾਰ ਕਿਸ ਤਰ੍ਹਾਂ ਕੀਤਾ ਹੈ?"

ਪ੍ਰਸ਼ਨਾਂ ਨੂੰ ਪੁੱਛਣ ਵੇਲੇ ਪ੍ਰਸ਼ਨ-ਵਾਚਕ ਅਤੇ ਉਸ ਦੇ ਨਾਲ ਸਬੰਧੀ ਸ਼ਬਦਾਂ ਉਤੇ ਜ਼ੋਰ ਦੇਣਾ ਜ਼ਰੂਰੀ ਹੈ। ਇਸ ਨਾਲ ਬੱਚਿਆਂ ਦਾ ਧਿਆਨ ਪ੍ਰਸ਼ਨ ਦੇ ਪਰਮੁਖ ਵਾਕ ਉਤੇ ਕੇਂਦ੍ਰਿਤ ਹੋ ਜਾਂਦਾ ਹੈ।