੯
ਫੈਸਲਾ ਕਰ ਲਿਆ ਗਿਆ ਹੁੰਦਾ ਹੈ ਕਿ ਕਿਹੜੇ ਸੰਸਕਾਰਾਂ ਨੂੰ ਕਿਹੜੇ ਸਮੇਂ ਪਾਇਆ ਜਾਵੇ ਜਾਂ ਕਿਹੜੇ ਗਿਆਨ ਨੂੰ ਕਿਸ ਸਮੇਂ ਬੱਚਿਆਂ ਨੂੰ ਦਿਤਾ ਜਾਵੇ । ਨਿਯਮ-ਬੱਧ ਸਿਖਿਆ ਦਾ ਪ੍ਰੋਗਰਾਮ ਅਤੇ ਉਸ ਦਾ ਵਿਧਾਨ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਬਣਾਇਆ ਜਾਂਦਾ ਹੈ । ਦੇਸ਼ ਦੇ ਵਡੇ ਵਡੇ ਸਿਖਿਆ ਨੂੰ ਚਲਾਉਣ ਵਾਲੇ ਨਿਯਮ-ਬੱਧ ਸਿਖਿਆ ਦੇ ਪ੍ਰੋਗਰਾਮਾਂ ਦਾ ਫੈਸਲਾ ਕਰਦੇ ਹਨ ਅਤੇ ਉਨ੍ਹਾਂ ਢੰਗਾਂ ਦੀ ਖੋਜ ਕਰਦੇ ਹਨ ਜਿਨ੍ਹਾਂ ਨਾਲ ਸਿਖਿਆ ਦਾ ਕੰਮ ਸੌਖੀ ਤਰ੍ਹਾਂ ਹੋ ਸਕੇ। ਕਿੰਨੇ ਘੰਟੇ ਕੰਮ ਕਰਨਾ ਚਾਹੀਦਾ ਹੈ, ਬੱਚੇ ਨੂੰ ਕਿੰਨੇ ਘੰਟੇ ਪੜ੍ਹਨਾ ਚਾਹੀਦਾ ਹੈ, ਉਸ ਨੂੰ ਕਿਸ ਤਰ੍ਹਾਂ ਦੇ ਕਾਬੂ ਵਿਚ ਰਖਣਾ ਚਾਹੀਦਾ ਹੈ; ਕਿਸ ਢੰਗ ਨਾਲ ਪੜ੍ਹਾਉਣਾ ਚਾਹੀਦਾ ਹੈ, ਕਿੱਥੇ ਅਤੇ ਕਿਵੇਂ ਵਿਸ਼ੇ ਨੂੰ ਪੜਾਉਣਾ ਚਾਹੀਦਾ ਹੈ, ਇਨ੍ਹਾਂ ਸਭ ਪ੍ਰਸ਼ਨਾਂ ਦਾ ਉੱਤਰ ਨਿਯਮ-ਬੱਧ ਸਿਖਿਆ ਦੇਣ ਵਾਲੇ ਕੋਲ ਰਹਿੰਦਾ ਹੈ।
ਉਪਰ ਦੱਸੀ ਦੋਹਾਂ ਤਰ੍ਹਾਂ ਦੀ ਸਿਖਿਆਵਾਂ ਬੱਚੇ ਦੀ ਸ਼ਖਸੀਅਤ ਦੇ ਵਿਕਾਸ ਲਈ ਜ਼ਰੂਰੀ ਹਨ। ਆਪਣੇ ਆਪ ਲਈ ਸਿਖਿਆ ਨਿਯਮ-ਬੱਧ ਸਿਖਿਆ ਵਿਚ ਸਹਾਇਕ ਹੁੰਦੀ ਹੈ। ਜਿਸ ਬੱਚੇ ਦੇ ਘਰ ਦੇ ਅਤੇ ਆਲੇ ਦੁਆਲੇ ਦੇ ਸੰਸਕਾਰ ਭਲੇ ਹੁੰਦੇ ਹਨ, ਉਹ ਸਕੂਲ ਦੀ ਸਿਖਿਆ ਦਾ ਵੀ ਵਧ ਤੋਂ ਵਧ ਲਾਭ ਉਠਾਉਂਦਾ ਹੈ। ਇਸੇ ਤਰ੍ਹਾਂ ਜਿਹੜਾ ਬੱਚਾ ਸਕੂਲ ਵਿਚ ਯੋਗ ਸਿਖਿਆ ਪਾਉਂਦਾ ਹੈ, ਉਹ ਕਿਸੇ ਵੀ ਆਲੇ ਦੁਆਲੇ ਵਿਚ ਰਹਿ ਕੇ ਕੁਝ ਨਾ ਕੁਝ ਨਵੀਂ ਸਿਖਿਆ ਲੈਂਦਾ ਰਹਿੰਦਾ ਹੈ । ਸਕੂਲ ਦਾ ਇਕ ਵੱਡਾ ਕੰਮ ਬੱਚੇ ਦੀਆਂ ਰੁਚੀਆਂ ਢਾਲਣਾ ਹੈ । ਜਿਸ ਬੱਚੇ ਦੀਆਂ ਰੁਚੀਆਂ ਚੰਗੀਆਂ ਹਨ, ਉਹ ਆਪਣੇ ਆਲੇ ਦੁਆਲੇ ਤੋਂ ਬਹੁਤ ਵਧ ਲਾਭ ਉਠਾਉਂਦਾ ਹੈ । ਕਿੰਨੇ ਹੀ ਅਮੀਰ ਘਰਾਂ ਦੇ ਬਚਿਆਂ ਦੇ ਹੱਥਾਂ ਵਿਚ ਕਈ ਤਰ੍ਹਾਂ ਦੇ ਖਤ-ਪਤਰ ਆਉਂਦੇ ਹਨ, ਪਰ ਯੋਗ ਸਿਖਿਆ ਦੇ ਨਾ ਹੋਣ ਕਰ ਕੇ, ਉਨ੍ਹਾਂ ਦਾ ਉਨ੍ਹਾਂ ਨੂੰ ਪੜ੍ਹਨ ਲਈ ਜੀਅ ਹੀ ਨਹੀਂ ਕਰਦਾ।
ਜਦੋਂ ਘਰ ਅਤੇ ਸਕੂਲ ਦੇ ਵਾਤਾਵਰਨ ਵਿਚ ਵਿਰੋਧ ਹੁੰਦਾ ਹੈ ਤਾਂ ਸਿਖਿਆ ਦਾ ਕੰਮ ਚੰਗੀ ਤਰ੍ਹਾਂ ਨਹੀਂ ਹੋ ਸਕਦਾ। ਸਕੂਲ ਤੋਂ ਲਏ ਸੰਸਕਾਰਾਂ ਅਤੇ ਆਦਤਾਂ ਦੀ ਜਦੋਂ ਤਕ ਘਰ ਵਿਚ ਪਕਾਈ ਨਹੀਂ ਕਰਵਾਈ ਜਾਂਦੀ, ਉਹ ਛੇਤੀ ਹੀ ਖਤਮ ਹੋ ਜਾਂਦੀਆਂ ਹਨ। ਜਦ ਬੱਚਾ ਸਕੂਲ ਵਿਚ ਇਕ ਤਰ੍ਹਾਂ ਦੇ ਜ਼ਬਤ ਵਿਚ ਰਹਿੰਦਾ ਹੈ ਅਤੇ ਘਰ ਵਿਚ ਦੂਜੀ ਤਰ੍ਹਾਂ ਦੇ ਤਾਂ ਬੱਚੇ ਦੇ ਆਚਰਨਾਂ ਨੂੰ ਬਣਾਇਆ ਨਹੀਂ ਜਾ ਸਕਦਾ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਦ ਸਕੂਲ ਅਤੇ ਘਰ ਵਿਚ ਇਕ ਸੇਧ ਅਤੇ ਸਹਾਇਤਾ ਦਾ ਭਾਵ ਨਹੀਂ ਰਹਿੰਦਾ ਤਾਂ ਬੱਚੇ ਦੀ ਸ਼ਖਸੀਅਤ ਦਾ ਸਮੁਚਾ ਵਿਕਾਸ ਨਹੀਂ ਹੁੰਦਾ । ਨਾ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਨਾ ਉਸਦੇ ਅਚਰਨ ਦੀ ਪਕਾਈ।
ਸਿਖਿਆ ਦਾ ਵਿਆਪਕ ਅਤੇ ਸਾਧਾਰਨ ਅਰਥ
ਸਿਖਿਆ ਉਹ ਕੰਮ ਹੈ ਜਿਸ ਨਾਲ ਕਿਸੇ ਤਰ੍ਹਾਂ ਵਿਅਕਤੀ ਦੇ ਜੀਵਨ ਦਾ ਵਿਕਾਸ ਹੋਵੇ ਅਥਵਾ ਜਿਸ ਨਾਲ ਉਹ ਆਪਣੇ ਬਾਹਰਲੇ ਆਲੇ ਦੁਆਲੇ ਉਤੇ ਜਿੱਤ ਪ੍ਰਾਪਤ ਕਰਨਾ ਸਿੱਖੋ। ਇਹ ਸਿਖਿਆ ਦਾ ਕੰਮ ਜੀਵਨ ਭਰ ਚਲਦਾ ਰਹਿੰਦਾ ਹੈ। ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਉਸ ਦੇ ਜੀਵਨ ਦੇ ਅੰਤ ਤਕ ਜਿਹੜੇ ਸੰਸਕਾਰ ਉਸਦੇ ਮਨ ਤੇ ਪੈਂਦੇ ਹਨ ਅਤੇ ਜਿਨ੍ਹਾਂ ਤੋਂ ਉਹ ਆਪਣੀ ਜੀਵਨ ਯਾਤਰਾ ਵਧੇਰੇ ਸਫਲ ਬਣਾਉਂਦਾ ਹੈ, ਉਹ ਸਾਰੇ ਸੰਸਕਾਰ ਸਿਖਿਆ ਦੇ ਘੇਰੇ ਅੰਦਰ ਆਉਂਦੇ ਹਨ।ਇਸ ਤਰ੍ਹਾਂ ਦੀ ਸਿਖਿਆ ਸਕੂਲ ਘਰ ਅਤੇ ਹੋਰ ਸਾਰੀਆਂ ਦੂਜੀਆਂ ਥਾਵਾਂ ਤੇ ਹੁੰਦੀ ਰਹਿੰਦੀ ਹੈ । ਇਹ ‘ਸਿਖਿਆ' ਸ਼ਬਦ ਦਾ ਵਿਆਪਕ ਅਰਥ ਹੈ ।