ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੪

ਕਿ ਚਾਰ ਚੀਜ਼ਾਂ ਤਿੰਨ ਵਾਰ ਲੈਣ ਨਾਲ ਬਾਰਾਂ ਹੋ ਜਾਂਦੀਆਂ ਹਨ। ਇਸ ਗਿਆਨ ਦੇ ਪੈਦਾ ਹੋਣ ਲਈ ਬੱਚੇ ਦੇ ਹੱਥ ਵਿਚ ਚਾਰ ਚਾਰ ਗੋਲੀਆਂ, ਗੁੱਡੀਆਂ ਜਾਂ ਬੀਜ ਤਿੰਨ ਵਾਰ ਦੇਣਾ ਅਤੇ ਫਿਰ ਉਸ ਤੋਂ ਗਿਣਵਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ 1/2 ਦਾ 1/3 ਨੂੰ ਸਮਝਾਉਣ ਲਈ ਕਿਸੇ ਠੋਸ ਚੀਜ਼ ਨੂੰ ਪਹਿਲਾਂ ਦੋ ਹਿੱਸਿਆਂ ਵਿਚ ਵੰਡਣਾ ਅਤੇ ਫਿਰ ਉਸ ਅੱਧੇ ਨੂੰ ਤਿੰਨ ਹਿੱਸਿਆਂ ਵਿਚ ਵੰਡਣਾ ਜ਼ਰੂਰੀ ਹੈ। ਜਦ ਬੱਚੇ ਆਪਣੀਆਂ ਵਖ ਵਖ ਇੰਦਰੀਆਂ ਰਾਹੀਂ ਇਸ ਤਰ੍ਹਾਂ ਦੇ ਵਿਚਾਰਾਂ ਦਾ ਅਰਥ ਸਮਝ ਜਾਂਦੇ ਹਨ ਤਾਂ ਉਨ੍ਹਾਂ ਦਾ ਗਿਆਨ ਪੱਕਾ ਹੋ ਜਾਂਦਾ ਹੈ।

ਮਾਂਟਸੋਰੀ ਸਿਖਿਆ-ਢੰਗ ਵਿਚ ਛੋਟੇ ਬੱਚਿਆਂ ਦੇ ਵੱਖ ਵੱਖ ਇੰਦਰਕ-ਗਿਆਨ ਦੀ ਸਿੱਖਿਆ ਲਈ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ। ਬਚਿਆਂ ਨੂੰ ਆਪਣੇ ਕੰਮ ਤੇ ਕਾਬੂ ਪਾਉਣ ਲਈ ਪੌੜੀ ਬਣਾਉਣਾ, ਮਨਾਰਾ ਬਣਾਉਣ ਆਦਿ ਦੇ ਕੰਮ ਦਿੱਤੇ ਜਾਂਦੇ ਹਨ। ਅੱਖ ਦੀ ਸਿਖਿਆ ਵਖ ਵਖ ਕਿਸਮ ਦੇ ਰੰਗਾਂ ਦੀ ਪਛਾਣ ਕਰਾਉਣ ਅਤੇ ਵਖ ਵਖ ਅਕਾਰ ਦੀਆਂ ਚੀਜ਼ਾਂ ਦੀ ਠੀਕ ਤਰ੍ਹਾਂ ਪਛਾਣ ਕਰਨ ਵਿਚ ਹੁੰਦੀ ਹੈ। ਇਸੇ ਤਰ੍ਹਾਂ ਕੰਨਾਂ ਦੀ ਸਿਖਿਆ ਲਈ ਖਾਸ ਤਰ੍ਹਾਂ ਦੇ ਯੰਤਰ ਹਨ। ਬੱਚੇ ਨੂੰ ਉਸ ਵਿਚੋਂ ਪੈਦਾ ਹੋਣ ਵਾਲੀਆਂ ਅਵਾਜ਼ਾਂ ਨੂੰ ਠੀਕ ਤਰ੍ਹਾਂ ਪਛਾਨਣਾ ਪੈਂਦਾ ਹੈ। ਛੋਹ (ਸਪਰਸ਼) ਦੀ ਸਿਖਿਆ ਲਈ ਚਿਕਣੇ ਅਤੇ ਖੁਰਦਰੇ ਕਾਗਜ਼ ਅਤੇ ਚੀਜ਼ਾਂ ਦੀ ਪਛਾਣ ਕਰਾਈ ਜਾਂਦੀ ਹੈ। ਸੇਕ (ਤਾਪ) ਦਾ ਗਿਆਨ ਕਰਾਉਣ ਲਈ ਵਖ ਵਖ ਸੇਕ ਵਾਲੇ ਪਾਣੀ ਵਿਚ ਹੱਥ ਪੁਆ ਕੇ ਉਨ੍ਹਾਂ ਦੇ ਸੇਕ ਦੀ ਪਛਾਣ ਕਰਾਈ ਜਾਂਦੀ ਹੈ।

ਮਾਂਟਸੋਰੀ ਸਿਖਿਆ-ਢੰਗ ਦਾ ਇਕ ਵੱਡਾ ਸਿਧਾਂਤ ਇਹ ਹੈ ਕਿ ਇਕ ਹੀ ਇੰਦਰੀ ਵੀ ਇਕ ਸਮੇਂ ਸਿਖਿਆ ਹੋਣੀ ਚਾਹੀਦੀ ਹੈ। ਜਦ ਅੱਖ ਦੀ ਸਿਖਿਆ ਹੁੰਦੀ ਹੋਵੇ ਤਾਂ ਜਿਥੋਂ ਤਕ ਹੋ ਸਕੇ ਕੰਨ ਤੋਂ ਕੰਮ ਨਹੀਂ ਲਿਆ ਜਾਣਾ ਚਾਹੀਦਾ। ਇਸੇ ਤਰ੍ਹਾਂ ਜਦ ਸਪਰਸ਼ ਇੰਦਰੇ ਜਾਂ ਕੰਨ ਇੰਦਰੇ ਦੀ ਸਿਖਿਆ ਹੋ ਰਹੀ ਹੋਵੇ ਤਾਂ ਅੱਖ ਤੋਂ ਕੰਮ ਲੈਣ ਦਾ ਕੰਮ ਬੰਦ ਕਰ ਦੇਣਾ ਹੀ ਠੀਕ ਹੈ। ਜਦ ਬੱਚੇ ਨੂੰ ਕਿਸੇ ਚੀਜ਼ ਨੂੰ ਛੂਹ ਕੇ ਉਸ ਦੇ ਗਿਆਨ ਦਾ ਅਭਿਆਸ ਕਚਾਇਆ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਬੰਨ੍ਹ ਦਿਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜਦ ਉਸ ਨੂੰ ਅਵਾਜ਼ ਸੁਣ ਕੇ ਕਿਸੇ ਚੀਜ਼ ਦੀ ਦੂਰੀ ਅਤੇ ਦਿਸ਼ਾ ਦੀ ਪਛਾਣ ਕਰਾਈ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਬੰਨ੍ਹ ਦਿਤੀਆਂ ਜਾਂਦੀਆਂ ਹਨ। ਜਦ ਅੱਖ ਬੰਨ੍ਹ ਕੇ ਬੱਚਾ ਕਿਸੇ ਜੀਨ ਨੂੰ ਪਛਾਣਨ ਦਾ ਯਤਨ ਕਰਦਾ ਹੈ ਜਾਂ ਕਿਸੇ ਮਿਬੇ ਥਾਂ ਉਤੇ ਉਸ ਨੂੰ ਪਹੁੰਚਾਉਣ ਦਾ ਯਤਨ ਕਰਦਾ ਹੈ ਤਾਂ ਦੂਜੇ ਬੱਚੇ ਉਸ ਦੀਆਂ ਭੁਲਾਂ ਨੂੰ ਵੇਖਦੇ ਹਨ ਅਤੇ ਇਹ ਸਾਰਾ ਅਭਿਆਸ ਖੇਡ ਬਣ ਜਾਂਦਾ ਹੈ।

ਖੇਡ ਰਾਹੀਂ ਸਿਖਿਆ:-ਮਾਂਟਸੋਰੀ ਸਿਖਿਆ ਢੰਗ ਵਿਚ 'ਡਾਈ ਡੈਕਟਿਕ ਅਪ੍ਰੇਟਿਸ' (ਸਿਖਿਆ ਯੰਤਰ) ਰਾਹੀਂ ਹੀ ਵਧੇਰੇ ਗੱਲਾਂ ਸਿਖਾਈਆਂ ਜਾਂਦੀਆਂ ਹਨ। ਮੈਡਮ ਮਾਂਟਸੋਰੀ ਦਾ ਕਹਿਣਾ ਹੈ ਕਿ ਬਚਿਆਂ ਵਿਚ ਸੁਭਾਵਕ ਤੌਰ ਤੇ ਹੱਥ ਦੇ ਕੰਮ ਕਰਨ ਦੀ ਰੁਚੀ ਹੁੰਦੀ ਹੈ ਅਤੇ ਇਸ ਰੁਚੀ ਨੂੰ ਕੰਮ ਵਿਚ ਲਿਆਉਣਾ ਯੋਗ ਹੈ। ਹੱਥ ਦੇ ਕੰਮ ਹੀ ਬੱਚੇ ਦੀਆਂ ਖੇਡਾਂ ਬਣ ਜਾਂਦੀਆਂ ਹਨ। ਮਾਂਟਸੋਰੀ ਸਿਖਿਆ-ਢੰਗ ਦੀਆਂ ਖੇਡਾਂ ਆਮ ਖੇਡਾਂ ਵਰਗੀਆਂ ਨਹੀਂ ਹੁੰਦੀਆਂ। ਇਨ੍ਹਾਂ ਖੇਡਾਂ ਨੂੰ ਬਚਾ ਆਮ ਕਰਕੇ ਇਕੱਲਿਆਂ ਹੀ ਖੇਡਦਾ ਹੈ। ਅਸਲ ਵਿਚ ਮਾਂਟਸੋਰੀ ਸਿਖਿਆ ਢੰਗ ਵਿਚ ਬੱਚਿਆਂ ਨੂੰ ਖੇਡ ਦੇ ਰੂਪ ਵਿਚ ਕੁਝ ਨਹੀਂ ਦਸਿਆ ਜਾਂਦਾ।