੧੯੮
ਕੀਤਾ ਜਾਣਾ।
ਡਾਲਟਨ ਅਮਰੀਕਾ ਦਾ ਇਕ ਥਾਂ ਹੈ। ਇਸ ਥਾਂ ਉਤੇ ਹੀ ਉਪਰਲੇ ਸਿਖਿਆ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਸ ਨਾਂ ਨਾਲ ਇਹ ਢੰਗ ਪਰਸਿਧ ਹੋ ਗਿਆ ਹੈ। ਇਸ ਸਿਖਿਆ ਢੰਗ ਦੀ ਕਾਢ ਕਢਣ ਵਾਲੀ ਮਿਸ ਪਾਰਖੁਰਸਟ ਹੈ। ਇਹ ਮੈਡਮ ਮਾਂਟਸੋਰੀ ਦੇ ਪੈਂਤੜਿਆਂ ਤੇ ਹੀ ਚਲਦੀ ਹੈ। ਇਨ੍ਹਾਂ ਦੇ ਸਿਧਾਂਤ ਮਿਲਦੇ ਜੁਲਦੇ ਹਨ। ਪਰ ਮਾਂਟਸੋਰੀ ਸਿਖਿਆ-ਢੰਗ ਛੋਟੇ ਬਚਿਆਂ ਲਈ ਹੈ ਅਤੇ ਡਾਲਟਨ ਸਿਖਿਆ-ਢੰਗ ਵਡਿਆਂ ਲਈ। ਇਥੇ ਉਪਰ ਕਹੀਆਂ ਵਿਸ਼ੇਸ਼ਤਾਵਾਂ ਨੂੰ ਸਪਸ਼ਟ ਕਰਨਾ ਜ਼ਰੂਰੀ ਹੈ।
ਵਿਅਕਤੀ ਦੀ ਪਰਧਾਨਤਾ:-ਇਸ ਸਿਧਾਂਤ ਬਾਰੇ ਅਸੀਂ ਬਹੁਤ ਕੁਝ ਪਿਛਲੇ ਪਰਕਰਨ ਵਿਚ ਕਹਿ ਆਏ ਹਾਂ। ਆਧੁਨਿਕ ਕਾਲ ਵਿਚ ਹਰ ਥਾਂ ਵਿਅਕਤੀਵਾਦ ਅਤੇ ਸਮਾਜਵਾਦ ਵਿਚ ਭਾਰੀ ਘੋਲ ਹੋ ਰਿਹਾ ਹੈ। ਡਾਲਟਨ-ਢੰਗ ਸਿਖਿਆ ਵਿਚ ਵਿਅਕਤੀਵਾਦ ਦੀ ਸ਼ਕਲ ਸੂਰਤ ਹੈ। ਇਸ ਸਿਖਿਆ ਢੰਗ ਦਾ ਪਰਚਾਰ ਇੰਗਲੈਂਡ ਅਤੇ ਅਮਰੀਕਾ ਦੇ ਕੁਝ ਵਿਦਿਵਾਨਾਂ ਨੇ ਕੀਤਾ ਹੈ ਪਰ ਰੂਸ ਵਿਚ ਇਸਦਾ ਵਿਰੋਧ ਕੀਤਾ ਜਾਂਦਾ ਹੈ।
ਸ੍ਵੈ-ਅਧਿਐਨ ਦੀ ਪਰਧਾਨਤਾ:-ਜਿਸ ਤਰ੍ਹਾਂ ਮਾਂਟਸੋਰੀ ਸਿਖਿਆ-ਢੰਗ ਵਿਚ ਸ੍ਵੈ-ਆਸਰੇ ਹੋਣ ਦੇ ਸਿਧਾਂਤ ਨੂੰ ਪਕਿਆਂ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਡਾਲਟਨ ਸਿਖਿਆ-ਢੰਗ ਵਿਚ ਵੀ ਸ੍ਵੈ-ਆਸਰੇ ਹੋਣ ਦੇ ਸਿਧਾਂਤ ਨੂੰ ਪੱਕਿਆਂ ਕੀਤਾ ਜਾਂਦਾ ਹੈ। ਬੱਚਿਆਂ ਨੂੰ ਹਰ ਵਿਸ਼ੇ ਦਾ ਇਕ ਹਫਤੇ ਦਾ ਕੰਮ ਦੇ ਦਿੱਤਾ ਜਾਂਦਾ ਹੈ। ਇਹ ਕੰਮ ਇਕ ਪਰਚੇ ਉਤੇ ਲਿਖਿਆ ਹੁੰਦਾ ਹੈ। ਇਸ ਨੂੰ ‘ਅਸਾਈਨਮੈਂਟ' ਕਹਿੰਦੇ ਹਨ। ਇਸ ਪਰਚੇ ਅਨੁਸਾਰ ਬੱਚੇ ਨੂੰ ਕੰਮ ਕਰਨਾ ਪੈਂਦਾ ਹੈ। ਪਰ ਉਸ ਨੂੰ ਖੁਲ੍ਹ ਹੁੰਦੀ ਹੈ ਕਿ ਉਹ ਕਿਸੇ ਵਿਸ਼ੇ ਦਾ ਕੰਮ ਪਹਿਲੋਂ ਕਰੇ ਜਾਂ ਪਿਛੋਂ। ਉਹ ਜਿੱਨਾ ਚਿਰ ਚਾਹੇ ਇਕ ਕੰਮ ਨੂੰ ਕਰ ਸਕਦਾ ਹੈ। ਜਦੋਂ ਤਕ ਇਕ ਕੰਮ ਵਿਚ ਉਸ ਦਾ ਮਨ ਲੱਗਾ ਰਹਿੰਦਾ ਹੈ ਤਦ ਤਕ ਉਸਨੂੰ ਉਸ ਕੰਮ ਵਿਚ ਲੱਗਿਆਂ ਰਹਿਣ ਦਿਤਾ ਜਾਂਦਾ ਹੈ ਅਤੇ ਜਦ ਕਿਸੇ ਕੰਮ ਤੋਂ ਉਸਦਾ ਮਨ ਅੱਕ ਜਾਂਦਾ ਹੈ ਤਾਂ ਉਸ ਕੰਮ ਨੂੰ ਛੱਡ ਦੇਣ ਦੀ ਉਸਨੂੰ ਖੁਲ੍ਹ ਹੁੰਦੀ ਹੈ। ਉਸਤਾਦ ਅਸਾਈਨਮੈਂਟ ਬਣਾਉਂਦਾ ਹੈ ਅਤੇ ਉਨ੍ਹਾਂ ਦੀ ਜਾਚ ਕਰਦਾ ਹੈ, ਜਦ ਬੱਚਾ ਸਹਾਇਤਾ ਮੰਗਦਾ ਹੈ ਤਾਂ ਉਸਨੂੰ ਸਹਾਇਤਾ ਦਿੰਦਾ ਹੈ ਪਰ ਕਿਸੇ ਕੰਮ ਮਜ਼ਬੂਰ ਨਹੀਂ ਕਰਦਾ।
ਸਮੇਂ ਦੀ ਵੰਡ ਦਾ ਅਭਾਵ:—ਡਾਲਟਨ ਸਿਖਿਆ-ਢੰਗ ਵਿਚ ਸਮੇਂ ਦੀ ਵੰਡ ਨੂੰ ਕੋਈ ਮਹੱਤਾ ਨਹੀਂ ਦਿਤੀ ਜਾਂਦੀ। ਘੰਟੇ ਵਜਦੇ ਹਨ ਪਰ ਇਕ ਬੱਚਾ ਜਿੰਨਾ ਚਿਰ ਚਾਹੇ ਇਕ ਕੰਮ ਵਿਚ ਲੱਗਿਆ ਰਹਿ ਸਕਦਾ ਹੈ।
ਲੈਬਾਰੇਟਰੀ ਦਾ ਪਰਬੰਧ:—ਡਾਲਟਨ ਸਿਖਿਆ-ਢੰਗ ਵਿਚ ਜਮਾਤ ਦੀ ਥਾਂ ਲੈਬਾਰੇਟਰੀ ਦਾ ਪਰਬੰਧ ਹੁੰਦਾ ਹੈ। ਇਥੇ ਬੱਚਿਆਂ ਨੂੰ ਸਭ ਤਰ੍ਹਾਂ ਦੀ ਪੜ੍ਹਨ ਲਿਖਣ ਦੀਆਂ ਸਹੂਲਤਾਂ ਹੁੰਦੀਆਂ ਹਨ। ਹਰ ਵਿਸ਼ੇ ਦੀ ਵੱਖ ਵੱਖ ਲੈਬਾਰੇਟਰੀ ਹੁੰਦੀ ਹੈ। ਇਨ੍ਹਾਂ ਵਿਚ ਕਈ ਤਰ੍ਹਾਂ ਦੇ ਵਿਸ਼ਿਆਂ ਦੀਆਂ ਪੁਸਤਕਾਂ ਰਖੀਆਂ ਹੁੰਦੀਆਂ ਹਨ। ਉਥੇ ਇਕ ਉਸਤਾਦ ਹੁੰਦਾ ਹੈ। ਉਹ ਵੇਖਦਾ ਹੈ ਕਿ ਬੱਚਾ ਆਪਣਾ ਸਮਾਂ ਗੱਪਾਂ ਮਾਰਨ ਜਾਂ ਵਿਹਲਿਆਂ ਰਹਿਣ ਵਿਚ ਤਾਂ ਨਹੀਂ ਖਰਚ ਕਰਦਾ। ਇਹ ਉਸਤਾਦ ਬੱਚੇ ਨੂੰ ਜਿਥੇ ਲੋੜ ਪਵੇ, ਸਹਾਇਤਾ ਦਿੰਦਾ ਹੈ।