ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਰਵਾਂ ਪਰਕਰਨ

ਬੇਸਿਕ ਸਿਖਿਆ-ਪਰਨਾਲੀ

ਬੇਸਿਕ ਸਿਖਿਆ ਪਰਨਾਲੀ ਦਾ ਆਰੰਭ

ਭਾਰਚ ਵਰਸ਼ ਵਿਚ ਵਰਤਮਾਨ ਕਾਲ ਵਿਚ ਜਿਨ੍ਹਾਂ ਸਿੱਖਿਆ-ਪਰਨਾਲੀਆਂ ਦਾ ਪਰਚਾਰ ਹੋ ਰਿਹਾ ਹੈ ਉਨ੍ਹਾਂ ਵਿਚੋਂ ਬੇਸਿਕ ਸਿਖਿਆ-ਪਰਨਾਲੀ ਸਭ ਤੋਂ ਵਧੇਰੇ ਪਰਚਲਤ ਤੇ ਰਾਸ਼ਟਰ ਦੇ ਜੀਵਨ ਉਤੇ ਸਭ ਤੋਂ ਵਧੇਰੇ ਪਰਭਾਵ ਪਾਉਣ ਵਾਲੀ ਹੈ।

ਪੂਰੀ ਸਿਖਿਆ-ਪਰਨਾਲੀ ਦੀ ਕਾਢ ਭਾਰਤ ਵਰਸ਼ ਦੀ ਵਰਤਮਾਨ ਰਾਜਨੀਤਕ, ਸਮਾਜਿਕ ਅਤੇ ਆਰਥਿਕ ਹਾਲਤਾਂ ਦੇ ਕਰਕੇ ਹੋਈ। ਭਾਰਤ ਵਰਸ਼ ਦੇ ਰਾਜਨੀਤਕ ਸਮਾਜਿਕ ਆਗੂ ਮਹਾਤਮਾਂ ਗਾਂਧੀ ਹਨ। ਬੇਸਿਕ ਸਿਖਿਆ-ਪਰਨਾਲੀ ਉਨ੍ਹਾਂ ਦੇ ਵਿਚਾਰਾਂ ਨੂੰ ਸਿਖਿਆ ਦੇ ਖੇਤਰ ਵਿਚ ਅਮਲੀ ਰੂਪ ਦੇਣ ਦਾ ਯਤਨ ਕਰਦੀ ਹੈ

ਜਦ ਪਹਿਲੋਂ ਪਹਿਲ ਪਾਂਤਿਕ ਰਾਜਾਂ ਦੀ ਵਾਗ ਡੋਰ ਭਾਰਤ ਵਰਸ਼ ਦੇ ਲੋਕਾਂ ਦੇ ਹੱਥ ਆਈ ਤਾਂ ਸਿਖਿਆ ਦੋ ਪਰਸ਼ਨ ਨੇ ਉਨ੍ਹਾਂ ਦੇ ਮਨ ਵਿਚ ਸਭ ਤੋਂ ਵਧ ਸੋਚ ਪੈਦਾ ਕੀਤੀ। ਸਭ ਤਰ੍ਹਾਂ ਦੇ ਸੁਧਾਰਾਂ ਦਾ ਅਧਾਰ ਸਿਖਿਆ ਦਾ ਸੁਧਾਰ ਹੁੰਦਾ ਹੈ। ਕਿਸੇ ਤਰ੍ਹਾਂ ਦੀ ਸਮਾਜਿਕ ਤਬਦੀਲੀ ਪੈਦਾ ਕਰਨ ਲਈ ਜਨਤਾ ਦਾ ਸੁਸਿਖਿਅਤ ਹੋਣਾ ਬੜਾ ਜ਼ਰੂਰੀ ਹੈ। ਇਸ ਦੀ ਅਣਹੋਂਦ ਵਿਚ ਜਿਹੜੇ ਸੁਧਾਰ ਕੀਤੇ ਜਾਂਦੇ ਹਨ, ਉਨ੍ਹਾਂ ਵਿਚ ਜਨਤਾ ਦੀ ਸ਼ੁਭ-ਇੱਛਾ ਨ ਹੋਣ ਕਰਕੇ, ਵਿਅਰਬ ਹੋ ਜਾਂਦੇ ਹਨ ਅਤੇ ਲੋਕ ਉਨ੍ਹਾਂ ਦੇ ਵਿਰੋਧ ਵਿਚ ਡਟ ਜਾਂਦੇ ਹਨ, ਫਿਰ ਪਰਜਾ-ਤੰਤਰ ਰਾਜ ਵਿਚ ਤਾਂ ਜਨਤਾ ਦੇ ਪੜ੍ਹੇ ਲਿਖੇ ਹੋਣ ਦੀ ਵਧੇਰੇ ਲੋੜ ਹੈ। ਪਰਜਾ-ਤੰਤਰ ਰਾਜ ਜਨਤਾ ਦੀ ਰਾਏ ਉੱਤੇ ਪੱਕੇ ਪੈਰਾਂ ਤੇ ਖੜੋ ਸਕਦਾ ਹੈ। ਪਰ ਜਦ ਜਨਤਾ ਵਿਚ ਸਿਖਿਆ ਦੀ ਅਣਹੋਂਦ ਹੋਵੇ ਤਾਂ ਸਮਾਜ ਦੇ ਕੁਝ ਚਤਰ ਲੋਕ ਇਕ ਵਾਰ ਅਧਿਕਾਰ ਪਰਾਪਤ ਕਰਕੇ ਉਨ੍ਹਾਂ ਨੂੰ ਜੱਫਾ ਹੀ ਮਾਰ ਲੈਂਦੇ ਹਨ ਅਤੇ ਜਨਤਾ ਦਾ ਮਨਚਾਹਿਆ ਅਯੋਗ ਲਾਭ ਉਠਾਉਂਦੇ ਹਨ ਅਤੇ ਝੂਠੇ ਪਰਚਾਰ ਨਾਲ ਜਨਤਾ ਨੂੰ ਭੁਲੇਖੇ ਵਿਚ ਰਖੀ ਰਖਦੇ ਹਨ। ਥੋੜ੍ਹਾ ਸਮਾਂ ਅਜਿਹੀ ਹਾਲਤ ਰਹਿਣ ਨਾਲ ਤਾਨਾ-ਸ਼ਾਹੀ ਰਾਜ ਬੱਝ ਜਾਂਦਾ ਹੈ। ਇਸ ਲਈ ਪਰਜਾ ਤੰਤਰ ਵਾਦ ਨੂੰ ਪਕਿਆਂ ਕਰਨ ਲਈ? ਜਨਤਾ ਦਾ ਸੁਸਿਖਿਅਤ ਹੋਣਾ ਬੜਾ ਜ਼ਰੂਰੀ ਹੈ। ਜਨਤਾ ਦੇ ਸੁਸਿਖਿਅਤ ਹੋਣ ਨਾਲ ਰਾਜ ਵਿਚ ਤਬਦੀਲੀ ਲਿਆਉਣ ਲਈ ਵਡੀਆਂ ਵਡੀਆਂ ਬਗਾਵਤਾਂ ਕਰਨ ਦੀ ਲੋੜ ਨਹੀਂ ਹੁੰਦੀ। ਰਾਜ ਦੇ ਅਧਿਕਾਰੀ ਸੌਖੀ ਤਰ੍ਹਾਂ 'ਹੀ ਪਰਜਾ ਦੀ ਰਾਏ ਅਨੁਸਾਰ ਬਦਲ ਜਾਂਦੇ ਹਨ ਅਤੇ ਇਸ ਤਰ੍ਹਾਂ ਬਿਨਾਂ ਹਿੰਸਾ ਦੇ ਰਾਜ ਵਿਚ ਪਰਿਵਰਤਨ ਹੋ ਜਾਂਦਾ ਹੈ।

ਬੇਸਿਕ ਸਿਖਿਆ-ਪਰਨਾਲੀ ਦਾ ਅਧਾਰ ਮਹਾਤਮਾ ਗਾਂਧੀ ਦੇ ਵਿਚਾਰ ਹਨ।

੨੦੩