ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੧

ਕੇਂਦਰ ਬਣਾ ਲੈਣਾ ਉਸਦੀ ਸਿਖਿਆ ਨੂੰ ਤੰਗ ਅਤੇ ਅਧੂਰੀ ਬਣਾ ਦਿੰਦਾ ਹੈ। ਸਿਖਿਆ ਵਿਚ ਆਪਸ ਦਾ ਸਬੰਧ ਚੰਗਾ ਹੈ, ਪਰ ਕੇਂਦਰੀ ਕਰਣ ਮੰਦਾ ਹੈ।

ਰਾਸ਼ਟਰ ਭਾਸ਼ਾ ਰਾਹੀਂ ਸਿਖਿਆ:- ਬੇਸਿਕ ਸਿਖਿਆ ਪਰਨਾਲੀ ਦਾ ਇਕ ਸਿਧਾਂਤ ਰਾਸ਼ਟਰ ਭਾਸ਼ਾ ਅਥਵਾ ਮਾਤ-ਬੋਲੀ ਰਾਹੀਂ ਸਿਖਿਆ ਹੈ। ਜਿਥੇ ਰਾਸ਼ਟਰ ਭਾਸ਼ਾ ਅਤੇ ਮਾਤ-ਬੋਲੀ ਇਕ ਹੈ ਉੱਥੇ ਸਾਰੀ ਸਿਖਿਆ ਰਾਸ਼ਟਰ ਭਾਸ਼ਾ ਰਾਹੀਂ ਹੋਵੇਗੀ, ਪਰ ਜਿਥੇ ਮਾਤ-ਬੋਲੀ ਰਾਸ਼ਟਰ-ਭਾਸ਼ਾ ਤੋਂ ਵਖਰੀ ਹੈ ਉਥੇ ਬੇਸਿਕ ਸਿਖਿਆ ਦਾ ਮਾਧਿਅਮ ਮਾਤ-ਬੋਲੀ ਹੋਵੇਗੀ, ਪਰ ਹਰ ਇਕ ਬੱਚੇ ਨੂੰ ਲਾਜ਼ਮੀ ਰੂਪ ਵਿਚ ਰਾਸ਼ਟਰ ਭਾਸ਼ਾ ਵੀ ਸਿਖਾਈ ਜਾਵੇਗੀ। ਭਾਰਤ ਦੇ ਸੁਤੰਤਰ ਹੋਣ ਉੱਤੇ ਅੰਗਰੇਜ਼ੀ ਰਾਜ-ਭਾਸ਼ਾ ਰਹਿ ਨਹੀਂ ਸਕਦੀ। ਇਸ ਦੀ ਥਾਂ ਲੈਣ ਲਈ ਦੂਸਰੀ ਰਾਸ਼ਟਰ-ਭਾਸ਼ਾ ਦਾ ਹੋਣਾ ਹਰ ਤਰ੍ਹਾਂ ਜ਼ਰੂਰੀ ਹੈ। ਰਾਸ਼ਟਰ-ਭਾਸ਼ਾ ਦੇ ਪਰਚਾਰ ਦਾ ਵੱਡਾ ਸਾਧਨ ਬਚਿਆਂ ਦੀ ਮੁਢਲੀ ਪਾਠਸ਼ਾਲਾ ਵਿਚ ਹੀ ਹੋ ਸਕਦਾ ਹੈ।

ਹੁਣ ਸੁਆਲ ਇਹ ਹੈ ਕਿ ਰਾਸ਼ਟਰ-ਭਾਸ਼ਾ ਕਿਹੜੀ ਭਾਸ਼ਾ ਹੋਵੇ। ਬੇਸਿਕ ਸਿਖਿਆ ਦੀ ਵਿਉਂਤ ਕਰਨ ਵਾਲਿਆਂ ਅਨੁਸਾਰ ਇਹ ਭਾਸ਼ਾ ਹਿੰਦੁਸਤਾਨੀ ਹੋਣੀ ਚਾਹੀਦੀ ਹੈ ਜਿਹੜੀ ਭਾਵੇਂ ਨਾਗਰੀ ਅੱਖਰਾਂ ਵਿਚ ਲਿਖੀ ਜਾਵੇ ਤੇ ਭਾਵੇਂ ਅਰਬੀ ਅੱਖਰਾਂ ਵਿਚ। ਜਿਥੇ ਬੋਲਚਾਲ ਦੀ ਬੋਲੀ ਹਿੰਦੁਸਤਾਨੀ ਹੀ ਹੋਵੇ ਉੱਥੇ ਹਰ ਬੱਚੇ ਨੂੰ ਦੋਹਾਂ ਲਿਪੀਆਂ ਦਾ ਗਿਆਨ ਹੋਣਾ ਚਾਹੀਦਾ ਹੈ। ਇਸ ਮੱਤ ਦੀ ਪੁਸ਼ਟੀ ਭਾਰਤ ਵਰਸ਼ ਦੀ ਵਧੇਰੇ ਜਨਤਾ ਨੇ ਨਹੀਂ ਕੀਤੀ। ਵਰਤਮਾਨ ਫਿਰਕੂ ਭਾਵਾਂ ਕਰਕੇ ਨਾ ਮੁਸਲਮਾਨ ਅਤੇ ਨਾ ਹਿੰਦੂ ਇਕ ਭਾਸ਼ਾ ਦੀ ਵਰਤੋਂ ਕਰਨ ਲਈ ਤਿਆਰ ਹਨ। ਮੁਸਲਮਾਨ ਉਰਦੂ ਵਿਚ ਅਰਬੀ ਫਾਰਸੀ ਤੇ ਜ਼ੋਰ ਦਿੰਦੇ ਹਨ ਅਤੇ ਹਿੰਦੂ ਸੰਸਕ੍ਰਿਤ ਉੱਤੇ। ਉਰਦੂ ਅਤੇ ਹਿੰਦੀ ਨੂੰ ਮਿਲਾਕੇ ਹਿੰਦੁਸਤਾਨੀ ਬਣਾਉਣ ਦੀ ਜਿਹੜੀ ਯੋਜਨਾ ਸੀ ਉਹ ਨਿਸਫਲ ਹੁੰਦੀ ਹੀ ਵਿਖਾਈ ਦਿੰਦੀ ਹੈ।

ਕੌਮੀਅਤ ਦਾ ਵਾਧਾ:-ਬੇਸਿਕ ਸਿਖਿਆ ਯੋਜਨਾ ਦਾ ਇਕ ਪਰਧਾਨ ਨਿਸ਼ਾਨਾ ਕੌਮੀ ਭਾਵਾਂ ਦਾ ਵਾਧਾ ਕਰਨਾ ਹੈ। ਇਸ ਦੇ ਲਈ ਇਤਿਹਾਸ ਦੀਆਂ ਉਨ੍ਹਾਂ ਗੱਲਾਂ ਤੇ ਜ਼ੋਰ ਦੇਣਾ ਬੇਲੋੜਾ ਹੈ ਜਿਨ੍ਹਾਂ ਨਾਲ ਦੋਸ਼ ਦੇ ਵਖ ਵਖ ਫਿਰਕਿਆਂ ਵਿਚ ਫੁਟ ਵਧੇ ਅਤੇ ਉਨ੍ਹਾਂ ਉਤੇ ਜ਼ੋਰ ਦੇਣਾ ਚਾਹੀਦਾ ਹੈ ਜਿਨ੍ਹਾਂ ਨਾਲ ਮੇਲ ਵਧੇ। ਇਸ ਦੇ ਲਈ ਭਾਰਤ ਵਰਸ਼ ਦਾ ਇਤਿਹਾਸ ਫਿਰ ਤੋਂ ਲਿਖਣਾ ਹੋਵੇਗਾ। ਇਸ ਤੋਂ ਬਿਨਾਂ ਬਚਿਆਂ ਨੂੰ ਸਮਾਜੀ ਹਾਲਤ ਦਾ ਗਿਆਨ ਵਧਾਕੇ ਅਤੇ ਉਨ੍ਹਾਂ ਤੋਂ ਉਚਿਤ ਸੇਵਾ ਕਰਾਕੇ ਉਨ੍ਹਾਂ ਵਿਚ ਕੌਮੀ ਭਾਵਾਂ ਦਾ ਵਾਧਾ ਕੀਤਾ ਜਾਵੇਗਾ। ਕੌਮੀ ਭਾਵਾਂ ਦੇ ਵਾਧੇ ਲਈ ਫਿਰਕੂ ਸਿਖਿਆ-ਸੰਸਥਾਵਾਂ ਨੂੰ ਖਤਮ ਕਰਨਾ ਜ਼ਰੂਰੀ ਹੈ। ਬੇਸਿਕ ਯੋਜਨਾ ਅਨੁਸਾਰ ਸਭ ਜਾਤਾਂ ਤੇ ਫਿਰਕਿਆਂ ਦੇ ਬਚਿਆਂ ਨੂੰ ਇਕ ਹੀ ਸਕੂਲ ਵਿਚ ਇਕੱਠਿਆਂ ਪੜ੍ਹਨਾ ਹੋਵੇਗਾ। ਮੁਸਲਿਮ ਅਤੇ ਹਿੰਦੂ ਸਕੂਲਾਂ ਦਾ ਇਸ ਤਰ੍ਹਾਂ ਖਾਤਮਾ ਕਰ ਦਿੱਤਾ ਜਾਏਗਾ।

ਵਿਗਿਆਨਿਕ ਅਤੇ ਸਮਾਜਿਕ ਵਿਸ਼ਿਆਂ ਦਾ ਗਿਆਨ:-ਵਰਤਮਾਨ ਸਿੱਖਿਆ ਪਰਨਾਲੀ ਵਿਚ ਅੰਗਰੇਜ਼ੀ ਦੀ ਵਧੇਰੇ ਮਹੱਤਾ ਹੋਣ ਕਰਕੇ ਬੱਚੇ ਨੂੰ ਨਾ ਤੇ ਕਾਫੀ ਗਿਆਨ ਵਿਗਿਆਨਿਕ ਵਿਸ਼ਿਆਂ ਦਾ ਹੋਣਾ ਮਿਲਦਾ ਹੈ ਅਤੇ ਨਾ ਸਮਾਜਿਕ ਵਿਸ਼ਿਆਂ ਦਾ। ਬੇਸਿਕ ਸਿਖਿਆ ਦੀਆਂ ਛੋਟੀਆਂ ਸ਼ਰੇਣੀਆਂ ਵਿਚ ਅੰਗਰੇਜ਼ੀ ਨੂੰ ਕੋਈ ਥਾਂ ਨਹੀਂ। ਉਚੀਆਂ ਜਮਾਤਾਂ ਵਿਚ ਵੀ ਉਹ ਇੱਛਕ ਵਿਸ਼ਾ ਰਖ ਦਿਤਾ ਗਿਆ ਹੈ। ਅੰਗਰੇਜ਼ੀ