ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਨਿਕਲੇ, ਸਾਰੀਆਂ ਸਫ਼ਾਈਆਂ ਦੇ ਬਾਵਜੂਦ ਭੀ ਮਨੁੱਖ ਰੋਗੀ ਹੋ ਜਾਂਦਾ ਹੈ। ਇਸ ਲੋੜ ਨੇ ਹੀ ਸੰਸਾਰ ਵਿਚ ਸੈਂਕੜੇ ਕਿਸਮ ਦੀਆਂ ਖੇਡਾਂ, ਉਹਨਾਂ ਲਈ ਲੱਖਾਂ ਰੁਪਏ ਦੇ ਸਾਮਾਨ, ਅਖਾੜੇ, ਕਲੱਬਾਂ ਤੇ ਮੈਦਾਨ ਜਨਤਾ ਲਈ ਬਣਾਏ ਹਨ। ਪਰ ਇਹ ਲੋੜਵੰਦੀ ਕਸਰਤ ਕਿਰਤੀ ਨੂੰ ਕੁਦਰਤੀ ਪ੍ਰਾਪਤ ਹੈ। ਉਹ ਆਪਣੀ ਕਰੜੀ ਘਾਲ ਕਰ ਕੇ ਦਿਨ ਵਿਚ ਕਈ ਵੇਰ ਮੁੜ੍ਹਕੇ ਮੁੜ੍ਹਕੀ ਹੁੰਦਾ ਹੈ। ਜੋ ਨਿਆਮਤ ਧਨੀ ਨੂੰ ਅੱਠੀਂ ਪਹਿਰੀਂ ਕਲੱਬ ਵਿਚ ਗਿਆ ਇਕ ਵੇਰ ਲਭਦੀ ਹੈ, ਉਹ ਕਿਰਤੀ ਨੂੰ ਸਹਿਜੇ ਹੀ ਦਿਨ ਵਿਚ ਕਈ ਵਾਰ ਮਿਲ ਜਾਂਦੀ ਹੈ। ਇਉਂ ਸਮਝੋ ਕਿ ਧਨੀ ਨਹਿਰ ਦੇ ਪਾਣੀ ਨਾਲ ਸਿਹਤ ਖੇਤੀ ਸਿੰਜਦਾ ਹੈ ਜੋ ਅਧਿਆਨਾ ਭਰਨ ਤੇ ਵਾਰੀ ਨਾਲ ਮਿਲਦਾ ਹੈ, ਤੇ ਕਿਰਤੀ ਬਾਰਸ਼ ਦੇ ਪਾਣੀ ਨਾਲ ਜੋ ਰੱਬ ਵਲੋਂ ਮੁਫ਼ਤ ਤੇ ਖੁਲ੍ਹਾ ਡੁਲ੍ਹਾ ਬਰਸਾਇਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਕਈ ਕਿਸਮ ਦੇ ਰੋਗਨੀ ਸੁਆਦਲੇ ਭੋਜਨ ਖਾਣ ਤੇ ਦੁਧ ਪੀਣ ਦੇ ਬਾਵਜੂਦ ਵੀ ਅਮੀਰਾਂ ਨਾਲੋਂ, ਸੁੱਕੇ ਟੁਕੜੇ ਚਬਾਣ ਵਾਲੇ ਕਿਰਤੀਆਂ ਦੀ ਸਿਹਤ ਅੱਛੀ ਹੁੰਦੀ ਹੈ। ਧਨੀਆਂ ਦੇ ਮੁੰਡੇ ਕੁੜੀਆਂ, ਗ਼ਰੀਬਾਂ ਦੇ ਬੱਚਿਆਂ ਦੇ ਚਿਹਰਿਆਂ ਦੀ ਲਾਲੀ ਦੀ ਨਕਲ ਕਰਨ ਲਈ ਮੂੰਹ 'ਤੇ ਪਾਉਡਰ ਤੇ ਸੁਰਖ਼ੀਆਂ ਮਲਦੇ ਹਨ, ਪਰ ਨਕਲ ਓੜਕ ਨਕਲ ਹੈ। ਰਾਤੀਂ ਮਲੀਆਂ ਸੁਰਖ਼ੀਆਂ ਵਾਲੇ ਚਿਹਰੇ, ਦਿਨ ਚੜ੍ਹਦੇ ਨੂੰ ਅਸਲੀ ਰੂਪ ਡਡੂਆਂ ਵਰਗੇ ਪੀਲੇ ਦਿਸ ਆਉਂਦੇ ਹਨ:

ਹੁਸਨ ਕਿਆਰੀ ਦੀ ਫੁਲਵਾੜੀ ਜਾਂ ਜੋਬਨ ਰੁਤ ਆਈ।
ਧੂੜੇ ਦੀ ਵਰਖਾ ਚੇਹਰੇ ਤੇ ਛੈਲ ਕੁੜੀ ਬਰਸਾਈ।
ਚੜ੍ਹਿਆ ਪਾਣੀ ਸੋਸਨ ਦਾ ਫੁਲ ਦਿਸ ਪਿਆ ਗੁਲਾਬੀ।
ਧੌਣ ਉਚੇਰੀ ਕਰ ਕਰ ਤੁਰਦੀ, ਸੂਰਤ ਤੇ ਗਰਭਾਈ।
ਦਿਹੁੰ ਚੜ੍ਹਿਆ ਬਾਂਕੀ ਨੇ ਝਾਤੀ ਜਾਂ ਸ਼ੀਸ਼ੇ ਵਿਚ ਪਾਈ।
ਨਾ ਦਿਸ ਆਇਆ ਰੰਗ ਗੁਲਾਬੀ, ਜਰਦੀ ਮੁਖ ਤੇ ਛਾਈ।
ਕਿਧਰ ਗਈ ਗੁਲਾਬੀ ਰੰਗਤ, ਬਾਂਕੀ ਰੋ ਰੋ ਆਖੇ।
ਜੋ ਧੁਰ ਬਣਿਆ ਸੋਈ ਰਹਸੀ ਪੇਸ਼ ਨ ਜਾਂਦੀ ਕਾਈ।

(ਗੰਗ ਤਰੰਗ)

ਸਹੀ ਗੱਲ ਤਾਂ ਇਹ ਹੈ ਕਿ ਬਰਨਾਰਡ ਸ਼ਾਅ ਦੇ ਕਹੇ ਅਨੁਸਾਰ, ਕੁਦਰਤ ਮਨੁੱਖ ਮਾਤਰ ਦੀ ਸਾਂਝੀ ਮਾਂ ਹੈ ਤੇ ਰੋਟੀ ਦਾ ਸੁਆਦ ਦੇਣਾ ਉਸ ਦੇ ਹੱਥ ਵਿਚ ਹੈ, ਕਿਸੇ ਬੱਚੇ ਨੂੰ ਬਿਨਾਂ ਥੱਕ-ਟੁੱਟ ਕੇ ਆਇਆਂ ਨਹੀਂ ਦੇਂਦੀ। ਇਸ ਕਰਕੇ ਹੀ, ਜਿਥੇ ਮਜ਼ਦੂਰ ਕੁੜੀਆਂ ਕਾਰਖਾਨੇ ਵਿਚ ਕੰਮ ਕਰ ਸ਼ਾਮ ਨੂੰ ਥੱਕ ਕੇ ਆਉਂਦੀਆਂ ਹਨ, ਉਥੇ ਧਨੀਆਂ ਦੀਆਂ ਜ਼ਨਾਨੀਆਂ ਵੀ ਟੈਨਿਸ ਵਿਚ ਟੱਪ ਟੱਪ ਸ਼ਾਮ ਨੂੰ ਥੱਕ ਘਰ ਮੁੜਦੀਆਂ ਹਨ:

ਥਕ ਜਾਵਣ ਮਜ਼ਦੂਰਾਂ ਕੁੜੀਆਂ, ਦਿਨ ਭਰ ਕਾਰ ਕਮਾਵਣ।
ਪਰ ਧੁਨੀਆਂ ਜਣੀਆਂ ਵਿਚ ਟੈਨਸ, ਥਕ ਟੁਟ ਕੇ ਘਰ ਆਵਣ।
ਵਿਤਕਰਿਆਂ ਵਿਚ ਦੋਹਾਂ ਦੀ, ਜੋ ਹੈ ਕੁਦਰਤ ਮਾਂ ਸਾਂਝੀ।
ਬਿਨ ਥਕਿਆਂ ਰਸਦਾਇਕ ਰੋਟੀ, ਕਿਸੇ ਨਾ ਦੇਂਦੀ ਖਾਵਣ।

(ਸਾਊਆਂ ਦੇ ਕੌਲ)

ਜੋ ਥੱਕਣਾ ਜ਼ਰੂਰੀ ਹੈ, ਇਸ ਤੋਂ ਬਿਨਾਂ ਰੋਟੀ ਦਾ ਸੁਆਦ ਨਹੀਂ ਆ ਸਕਦਾ ਤਾਂ ਫਿਰ

੧੧੫