ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹਾ ਕੇ ਲੋਕਾਂ ਲਈ ਪੈਦਾ ਕਰੇ, ਉਸ ਤੋਂ ਵੱਡਾ ਸਾਊ ਕੌਣ ਹੋ ਸਕਦਾ ਹੈ, ਸੱਚੀ ਇੱਜ਼ਤ ਉਸੇ ਨੂੰ ਹੀ ਪ੍ਰਾਪਤ ਹੋ ਸਕਦੀ ਹੈ। ਜੋ ਕੰਮਾਂ ਜਾਂ ਦੇਸ਼ ਕਿਰਤੀ ਦੀ ਇੱਜ਼ਤ ਨਹੀਂ ਕਰਦੇ, ਉਹ ਖ਼ੁਦ ਜਗਤ ਵਿਚ ਬੇ-ਇੱਜ਼ਤ ਹੋ ਜਾਂਦੇ ਹਨ। ਸਾਡਾ ਦੇਸ਼ ਇਸ ਸਚਾਈ ਦੀ ਉਦਾਹਰਣ ਹੈ। ਚਾਲੀ ਕੂੜ ਦੀ ਵੱਸੋਂ, ਸਾਰੇ ਜਗਤ ਤੋਂ ਪੁਰਾਣੀ ਸਭਿਅਤਾ, ਜਦੋਂ ਦੂਸਰੀਆਂ ਕੌਮਾਂ ਖੱਲਾਂ ਪਹਿਨਦੀਆਂ ਸਨ ਤਾਂ ਅਸੀਂ ਰੇਸ਼ਮ ਹੰਢਾਦੇ ਸਾਂ। ਧਰਤੀ ਉਪਜਾਊ, ਨਦੀਆਂ, ਨਾਲੇ ਤੇ ਆਬਸ਼ਾਰਾਂ ਵਹਿੰਦੀਆਂ, ਧਾਤਾਂ ਤੇ ਹੀਰੇ ਲਾਲ ਜਵਾਹਰਾਂ ਨਾਲ ਭਰੇ ਹੋਏ ਪਰਬਤ ਤੇ ਫਿਰ ਗੁਲਾਮੀ। ਕਾਲੇ ਕੁਲੀ ਅਖਵਾ ਠੋਕਰਾਂ ਖਾਣਾ।

ਸਾਰੇ ਜਹਾਂ ਕੋ ਜਿਸਨੇ ਹੁਨਰ ਦੀਆ ਥਾ।
ਮੱਟੀ ਕੋ ਜਿਸਕੀ ਹਕ ਨੇ ਜ਼ਰ ਕਾ ਅਸਰ ਦੀਆ ਥਾ।
ਤੁਰਕੋਂ ਕਾ ਜਿਸਨੇ ਦਾਮਨ ਹੀਰੋਂ ਸੇ ਭਰ ਦੀਆ ਥਾ
ਮੇਰਾ ਵਤਨ ਵੋਹ ਹੀ ਹੈ ਮੇਰਾ ਵਤਨ ਵੋਹ ਹੀ ਹੈ

(ਇਕਬਾਲ)

ਅਜਿਹਾ ਕਿਉਂ ਹੋਇਆ, ਇਤਿਹਾਸ ਦੱਸਦਾ ਹੈ। ਕਿਰਤੀਆਂ ਦੀ ਇੱਜ਼ਤ ਨਾ ਕਰਨ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਏਥੋਂ ਦੇ ਪੁਰਾਣੇ ਸਮਾਜਕ ਨਿਜ਼ਾਮ ਵਿਚ ਜੁਲਾਹਾ, ਦਰਜ਼ੀ, ਧੋਬੀ, ਮੋਚੀ, ਤਰਖਾਣ, ਲੋਹਾਰ, ਚਮਰੰਗ ਤੇ ਕਿਸਾਨ ਕੁੱਲ ਸ਼ੂਦਰ ਇਕਰਾਰ ਦੇ ਦਿੱਤੇ ਗਏ। ਸਭ ਨੂੰ ਬਸਤੀਆਂ ਤੋਂ ਬਾਹਰ ਕੁੱਲੀਆਂ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ ਤੇ ਪਨਘਟਾਂ ਤੋਂ ਦੂਰੋਂ ਪਾਣੀ ਪੀਣ ਦਾ ਹੁਕਮ ਦਿੱਤਾ ਗਿਆ। ਇਸ ਕਿਰਤ ਦੇ ਨਿਰਾਦਰ ਨੇ ਹੀ ਸਾਡਾ ਨਿਰਾਦਰ ਕਰਾਇਆ। ਉਸੇ ਤਰ੍ਹਾਂ ਹੀ ਭਾਰਤ ਵਾਸੀਆਂ ਨੂੰ ਬਸਤੀਆਂ ਦੇ ਉਚ ਅਸਥਾਨਾਂ ਵਿਚ ਰਹਿਣ ਤੋਂ ਜੁਆਬ ਦਿਤਾ ਗਿਆ ਤੇ ਚੰਗੇ ਹੋਟਲਾਂ ਵਿਚ ਖਾਣਾ ਖਾਣ ਦੀ ਮਨਾਹੀ ਕੀਤੀ ਗਈ। ਸਾਡਾ ਦੇਸ਼ ਇਸ ਅੱਧੋਗਤੀ 'ਤੇ ਪਹੁੰਚ ਜਾਣ ਦੇ ਬਾਵਜੂਦ ਵੀ ਕਿਰਤ ਨੂੰ ਨਹੀਂ ਵਡਿਆਉਂਦਾ, ਜਿਸ ਕਰਕੇ ਆਪ ਭੀ ਵੱਡਾ ਨਹੀਂ ਹੁੰਦਾ। ਸਾਡੇ ਅਜ਼ਾਦੀ ਦੇ ਯਤਨ ਰੋਜ਼ ਰੋਜ਼ ਕਿਉਂ ਫੇਲ੍ਹ ਹੁੰਦੇ ਜਾਂਦੇ ਹਨ? ਸੁਤੰਤਰਤਾ ਦੇ ਬੂਟੇ ਐਨ ਫਲਣ 'ਤੇ ਆਏ ਕਿਉਂ ਸੁੱਕ ਜਾਂਦੇ ਹਨ? ਕਾਮਯਾਬੀ ਦੇ ਮਹੱਲ 'ਤੇ ਚੜ੍ਹਨ ਲਗਿਆਂ, ਬਨੇਰੇ ਲਾਗੇ ਅਪੜਦਿਆਂ ਕਮੰਦਾਂ ਕਿਉਂ ਟੁੱਟ ਪੈਂਦੀਆਂ ਹਨ? ਸਿਰਫ਼ ਇਸ ਵਾਸਤੇ ਕਿ ਸਾਡਾ ਰੋਗ ਸਮਾਜਕ ਨਿਜ਼ਾਮ ਵਿਚ ਹੈ ਤੇ ਇਲਾਜ ਪੁਲੀਟੀਕਲ ਕਰ ਰਹੇ ਹਾਂ। ਜਦ ਤਕ ਅਸੀਂ ਸਿੱਧੇ ਰਸਤੇ ਨਹੀਂ ਪੈਂਦੇ ਤੇ ਕਿਰਤੀ ਨੂੰ ਨਹੀਂ ਸਤਿਕਾਰਦੇ, ਸਾਨੂੰ ਸੰਸਾਰ ਵਿਚ ਸਤਿਕਾਰ ਮਿਲਣਾ ਹੀ ਨਹੀਂ। ਕਿਰਤੀ ਦਾ ਸਤਿਕਾਰ ਸ੍ਰੇਸ਼ਟ ਹੈ। ਉਹ ਇਸਨੂੰ ਮਿਹਨਤ ਨਾਲ ਖ਼ਰੀਦਦਾ ਹੈ। ਉਹ ਸੱਚਾ ਮਨੁੱਖ ਹੈ। ਉਸ ਤੋਂ ਬਿਨਾਂ ਸ਼੍ਰੇਣੀਆਂ ਹੀ ਦੋ ਹਨ ਜਾਂ ਜਾਬਰ ਠੱਗਾਂ ਦੀ ਤੇ ਜਾਂ ਵਿਹਲੜ ਮੰਗਤਿਆਂ ਦੀ। ਨਕਾਰਾ, ਲੂਲੇ ਲੰਗੜਿਆਂ ਤੇ ਯਤੀਮਾਂ ਦੀ ਸੇਵਾ ਕਿਰਤੀ ਹੀ ਕਰਦਾ ਹੈ। ਉਹ ਲੋੜਵੰਦਾਂ ਦੇ ਅੱਡੇ ਹੋਏ ਹੱਥ ਉਥੇ ਹੱਥ ਧਰਦਾ ਹੈ। ਮਾਂਗਤਾਂ ਵਾਂਗ ਹੱਥ ਦੇ ਥੱਲੇ ਹੱਥ ਨਹੀਂ ਧਰਦਾ ਤੇ ਬੇਪਤ ਨਹੀਂ ਹੁੰਦਾ।

ਤੁਲਸੀ ਕਰ ਪਰ ਕਰ ਧਰਿਓ, ਕਭੀ ਕਰ ਕਰਤਲ ਨਾ ਧਰਿਓ।
ਜਾ ਦਿਨ ਕਰਤਲ ਕਰ ਧਰਿਓ, ਮੈਂ ਸੋ ਦਿਨ ਮਰਨ ਕਰਿਓ।

੧੧੭