ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਗੇ ਦੀ ਰਿਆਸਤ ਦੇ ਰਾਜੇ ਦੇ ਲੰਘਣ ਦੀ ਖ਼ਬਰ ਮਿਲੀ ਹੈ। ਮੈਂ ਕੇਵਲ ਉਹਨਾਂ ਦੇ ਦਰਸ਼ਨਾਂ ਲਈ ਆਇਆ ਹਾਂ ਕਿਉਂਜੋ ਰਾਜੇ ਰਾਮ ਦਾ ਰੂਪ ਹੁੰਦੇ ਹਨ।” ਇਹ ਹੈ ਦਿਮਾਗ਼ੀ ਹਾਲਤ ਸਾਡੀ ਆਮ ਜਨਤਾ ਦੀ। ਇਕ ਕਰੜੀ ਕਿਰਤ ਕਰ, ਕੜਾਹੀਆਂ ਮਾਂਜ, ਭੱਠੀ ਅਗੇ ਸੜ ਫਿਰ ਵੀ ਮੈਲਿਆਂ ਕਪੜਿਆਂ ਵਿਚ ਜੀਵਨ ਦੇ ਦਿਨ ਬਤੀਤ ਕਰਨ ਵਾਲਾ ਕਿਰਤੀ, ਇਕ ਅਜਿਹੇ ਮਨੁੱਖ ਨੂੰ ਰੱਬ ਦਾ ਰੂਪ ਸਮਝਦਾ ਹੈ, ਜਿਸ ਵਿਚ ਕੇਵਲ ਇਤਨਾ ਹੀ ਗੁਣ ਹੈ ਕਿ ਜਾਂ ਤਾਂ ਉਹ ਕਿਸੇ ਰਾਣੀ ਦੇ ਪੇਟੋਂ ਜੰਮ ਪਿਆ ਤੇ ਜਾਂ ਕੋਈ ਰਾਣੀ ਕੁਝ ਮਹੀਨੇ ਪੇਟ 'ਤੇ ਬਾਟੀ ਬੰਨ੍ਹ, ਖਾਵੰਦ ਨੂੰ ਧੋਖਾ ਦੇ ਤੇ ਰੈਜ਼ੀਡੰਟ ਨੂੰ ਕੁਝ ਧਨ ਚਾੜ੍ਹ, ਕਿਸੇ ਦਾਸੀ ਦਾ ਖ਼੍ਰੀਦਿਆ ਹੋਇਆ ਬੱਚਾ ਆਪਣੇ ਪੇਟੋਂ ਜੰਮਿਆ ਹੋਇਆ ਸਾਬਤ ਕਰਨ ਵਿਚ ਸਫਲ ਹੋ ਗਈ। ਜੇ ਸਾਡਾ ਸਮਾਜ ਭਿਖਾਰੀਆਂ ਨੂੰ ਸਤਿਕਾਰਨੋਂ, ਤੇ ਇਤਫ਼ਾਕ ਨਾਲ ਬਣੇ ਧਨੀਆਂ ਨੂੰ ਸਨਮਾਨਣੋਂ ਹਟ ਜਾਏ, ਤਾਂ ਸਾਡੀ ਬਿਗੜੀ ਕੱਲ੍ਹ ਹੀ ਬਣ ਸਕਦੀ ਹੈ। ਕਈ ਦੇਸ਼ਾਂ ਨੇ ਸਾਡੇ ਦੇਖਦਿਆਂ ਬਣਾਈ ਹੈ, ਤੇ ਕਈ ਬਣਾਣ ਦੇ ਆਹਰ ਵਿਚ ਲੱਗੇ ਹੋਏ ਹਨ।

ਚੰਗਾ ਰਾਜ-ਪ੍ਰਬੰਧ ਹੀ ਸੰਸਾਰ ਲਈ ਸੁਖ ਦੀ ਆਖ਼ਰੀ ਆਸ ਹੁੰਦਾ ਹੈ। ਜੋ ਖ਼ਰਾਬੀਆਂ, ਸਦੀਆਂ ਦੇ ਯਤਨਾਂ ਨਾਲ ਦੂਰ ਨਾ ਹੋ ਸਕਣ, ਜੋ ਬੁਰਾਈਆਂ ਸੈਂਕੜੇ ਬਲੀਆਂ ਦੇ ਤ੍ਰਾਣ ਨਾਲ ਨਾ ਹਟਣ, ਰਾਜ ਦੇ ਮੱਥੇ 'ਤੇ ਪਈ ਇਕ ਤਿਊੜੀ, ਉਹਨਾਂ ਨੂੰ ਦਿਨਾਂ ਵਿਚ ਮਿਟਾ ਕੇ ਰੱਖ ਦੇਂਦੀ ਹੈ। ਜਿਸ ਤਰ੍ਹਾਂ ਸਖ਼ਤ ਹਨੇਰੀਆਂ, ਬਸਤੀਆਂ ਦੀਆਂ ਗੁੱਠਾਂ ਵਿਚੋਂ ਵੀ ਕੂੜਾ ਹੂੰਝ ਲਿਜਾਂਦੀਆਂ ਤੇ ਤੂਫ਼ਾਨ ਭਾਰੇ ਭਾਰੇ ਦਰੱਖਤਾਂ ਨੂੰ ਜੜ੍ਹੋਂ ਪੁੱਟ ਦੇਂਦੇ ਹਨ, ਉਸੇ ਤਰ੍ਹਾਂ ਹੀ ਰਾਜ-ਪ੍ਰਬੰਧ ਦੇ ਕਰਾਰੇ ਕਾਨੂੰਨ ਤੇ ਤਾਕਤ ਦੀ ਤੇਜ਼ ਵਰਤੋਂ, ਜਹਾਲਤ, ਅਨਪੜ੍ਹਤਾ ਤੇ ਅੰਧ-ਵਿਸ਼ਵਾਸ ਦੇ ਕੂੜੇ ਨੂੰ ਹੂੰਝਦੇ, ਤੇ ਰਿਵਾਜਾਂ ਅਤੇ ਮਨੌਤਾਂ ਦਿਆਂ ਪੁਰਾਣਿਆਂ ਬੋਹੜਾਂ ਨੂੰ ਪੁੱਟ ਕੇ ਸੁੱਟ ਦੇਂਦੇ ਹਨ। ਇਹਨਾਂ ਹੀ ਤੂਫ਼ਾਨਾਂ ਦਾ ਨਾਂ ਇਨਕਲਾਬ ਹੈ, ਜੋ ਚੜ੍ਹਨ ਲੱਗਾ ਤਾਂ ਕਾਲੀ ਘਟਾ ਵਾਂਗ ਭਿਆਨਕ ਦਿਸ ਆਉਂਦਾ ਹੈ, ਪਰ ਬਰਸਣ ਦੇ ਮਗਰੋਂ ਸ਼ਾਂਤ ਵਰਤਾ ਜਾਂਦਾ ਹੈ। ਜੇ ਰਾਜ-ਪ੍ਰਬੰਧ ਕਿਰਤ ਦੀ ਕਦਰ ਕਰੇ, ਕਿਰਤੀਆਂ ਨੂੰ ਸਨਮਾਨ ਦੇਵੇ ਤਾਂ ਸੁਖਾਂ ਵਿਚ ਵਾਧਾ ਸੁਭਾਵਕ ਹੀ ਹੋ ਜਾਵੇ। ਅੱਜ ਅੰਗਰੇਜ਼, ਅਮਰੀਕਨ ਤੇ ਰੂਸੀ, ਕਿਉਂ ਸੰਸਾਰ ਦੇ ਵਿਜਈ ਬਣੇ ਬੈਠੇ ਹਨ, ਕੇਵਲ ਇਸ ਕਾਰਨ ਕਿ ਉਹਨਾਂ ਇਕ ਹੱਦ ਤਕ, ਕਿਰਤ ਦੀ ਕਦਰ ਕੀਤੀ ਤੇ ਕਿਰਤੀਆਂ ਨੂੰ ਮਾਣ ਦਿੱਤਾ ਹੈ।

ਉਹਨਾਂ ਦੀ ਆਪ ਵਿਚ ਦੀ ਵਡਿਆਈ ਦੀ ਨਿਸਬਤ ਭੀ, ਏਸੇ ਗੁਣ ਦੇ ਆਸਰੇ ਹੈ। ਜਿਸ ਨੇ ਕਿਰਤ ਨੂੰ ਜਿਤਨਾ ਚੁਕਿਆ ਉਨ੍ਹਾਂ ਹੀ ਉਹ ਦੂਸਰੇ ਤੋਂ ਉਚੇਰਾ ਹੋ ਗਿਆ।

ਮੁਸ਼ਕਲ ਇਹ ਹੈ ਕਿ ਸੰਸਾਰ ਵਿਚ ਆਮ ਤੌਰ 'ਤੇ ਅਤੇ ਸਾਡੇ ਦੇਸ਼ ਵਿਚ ਖ਼ਾਸ ਕਰਕੇ ਸਦੀਆਂ ਤੋਂ ਰਾਜ ਤਲਵਾਰ ਦਾ ਰਿਹਾ ਹੈ। ਕੋਈ ਇਕ ਸ਼ਮਸ਼ੀਰਜ਼ਨ ਲੁੱਟ ਦਾ ਲਾਲਚ ਦੇ ਜਾਂ ਤਲਬਾਂ ਤਾਰ, ਸਿਪਾਹੀਆਂ ਨੂੰ ਭਰਤੀ ਕਰ, ਫ਼ੌਜ ਬਣਾ ਕੇ ਕਿਸੇ ਦੇਸ਼ 'ਤੇ ਕਬਜ਼ਾ ਕਰ ਲੈਂਦਾ ਸੀ। ਹਿੰਦੁਸਤਾਨ ਵਿਚ ਤਾਂ ਖ਼ਾਸ ਤੌਰ 'ਤੇ ਕਸ਼ੱਤਰੀ ਹੀ ਰਾਜ ਕਰਨ ਦਾ ਅਧਿਕਾਰੀ ਸਮਝਿਆ ਜਾਂਦਾ ਸੀ। ਇਸ ਦੇਸ਼ ਵਿਚ ਮਜ਼ਹਬ ਤੇ ਵਿਦਵਤਾ ਇਕ ਦੇ ਕੋਲ, ਤੇ ਤਲਵਾਰ ਦੂਜੇ ਦੇ ਪਾਸ ਸੀ। ਦੋਹਾਂ ਨੇ ਰਲ, ਲੋਕਾਂ ਨੂੰ ਪ੍ਰਲੋਕ ਦਾ ਖੌਫ਼ ਤੇ ਲੋਕ-ਡਰ ਪਾ ਕੇ ਮੁਲਕ 'ਤੇ ਕਬਜ਼ਾ ਕਰ ਲਿਆ ਸੀ।ਅਯਾਸ਼ ਸਿਪਾਹੀਆਂ

੧੨੪