ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤਿ ਕਉ ਪਾਰਿ ਉਤਾਰਾ।

(ਭਾਈ ਗੁਰਦਾਸ, ਵਾਰ ੧, ਪਉੜੀ ੨੯)

ਚੰਗੇ ਯੋਗ ਤੇ ਲਗਨ ਵਾਲੇ ਬੰਦੇ, ਜਿਸ ਦੇਸ਼ ਜਾਂ ਸਮਾਜ ਵਿਚੋਂ ਲਾਂਭੇ ਟੁਰ ਜਾਣ ਜਾਂ ਅੰਦਰ ਲੁਕ ਬਹਿਣ, ਉਹ ਭਾਗਹੀਣ ਦੇਸ਼ ਤੇ ਸਮਾਜ, ਮੱਖਣ ਨਿਕਲੀ ਛਾਹ ਵਾਂਗ ਬੇਅਰਥ ਤੇ ਰਸ ਨਿਕਲ ਚੁੱਕੇ ਕਮਾਦ ਦੀਆਂ ਪੱਛੀਆਂ ਵਾਂਗ ਬਾਲਣ ਬਣ ਕੇ ਰਹਿ ਜਾਂਦੇ ਹਨ, ਜਿਸ ਨੂੰ ਸਮਾਂ ਦੁੱਖਾਂ ਦੀਆਂ ਭੱਠੀਆਂ ਵਿਚ ਝੋਕ ਦਿੰਦਾ ਹੈ।" ਸਿੱਧਾਂ ਕਿਹਾ, “ਅਸੀਂ ਸਾਰੇ ਤੇ ਨਹੀਂ ਏਥੇ ਬੈਠੇ। ਸਾਡੀ ਸੰਪਰਦਾ ਦੇ ਬਿਰਧ ਯੋਗੀ ਦੇਸ਼ ਵਿਚ ਰਟਨ ਕਰ ਰਹੇ ਹਨ।” ਸਤਿਗੁਰਾਂ ਫ਼ੁਰਮਾਇਆ, “ਹਾਂ, ਕਰ ਰਹੇ ਹਨ। ਉਹ ਜੋ ਕਰਮ-ਯੋਗਹੀਣ ਅਗਿਆਨੀ ਦਿਨ ਰਾਤ ਬਿਭੂਤ ਤਨ 'ਤੇ ਮਲੀ, ਸਵਾਂਗ ਬਣੀ ਬੂਹੇ ਬੂਹੇ ਮੰਗਦੇ ਫਿਰਦੇ ਹਨ।"

ਜੋਗੀ ਗਿਆਨ ਵਿਹੂਣਿਆ, ਨਿਸ ਦਿਨਿ ਅੰਗਿ ਲਗਾਏ ਛਾਰਾ।

(ਭਾਈ ਗੁਰਦਾਸ, ਵਾਰ ੧, ਪਉੜੀ ੨੯)

ਸਤਿਗੁਰਾਂ ਦਾ ਇਹਨਾਂ ਗੋਸ਼ਟ-ਕਰਨੇ ਜੋਗੀਆਂ ਨੂੰ ਸਮਝਾਉਣ ਦਾ ਮਤਲਬ ਇਹ ਸੀ ਕਿ ਅਜਿਹੀ ਰੂਹਾਨੀਅਤ, ਜਿਸ ਦੀ ਲਗਨ ਕਰਕੇ ਮਨੁੱਖ ਕਰਮ-ਯੋਗਹੀਣ ਹੈ, ਮਾਂਗਤ ਜਿਹੇ ਬਣ ਬਹਿਣ ਤੇ ਕੰਦਰਾਂ ਵਿਚ ਲੁਕਣ ਕਰਕੇ ਮਨੁੱਖ ਜਾਤੀ 'ਲਈ ਦੁਖ-ਰੂਪ ਹੋ ਜਾਂਦਾ ਹੈ। ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਸਾਡੇ ਦੇਸ਼ ਵਿਚ ਵੇਦਾਂਤ ਦਰਸ਼ਨ ਦੇ ਜ਼ੋਰੇ ਅਸਰ ਜਗਤ ਨੂੰ ਛਲ-ਰੂਪ ਜਾਣ, ਉਸ ਤੋਂ ਘਿਰਣਾ ਕਰਨ ਵਾਲੇ ਤੇ ਪਾਤੰਜਲ ਦਾ ਯੋਗ ਅਭਿਆਸ ਕਰਨ ਹਿਤ ਜੰਗਲਾਂ, ਪਹਾੜਾਂ ਤੇ ਕੰਦਰਾਂ ਵਿਚ ਛੁਪੇ ਹੋਏ ਜੋਗੀਆਂ ਦੀਆਂ ਬਿਅੰਤ ਧਾੜਾਂ ਫਿਰਦੀਆਂ ਸਨ। ਉਹ ਜਗਤ ਨੂੰ ਜੀਵਨ ਪੈਂਡੇ ਦੀ ਇਕ ਮੰਜ਼ਲ ਤੇ ਰਾਤ ਕਟਣ ਲਈ ਬਣੀ ਸਰਾਂਅ ਜਾਣਨ ਦੀ ਥਾਂ ਛਲ-ਰੂਪ ਜਾਣਦੇ ਸਨ। ਉਸ ਨੂੰ ਵਧੇਰੇ ਸਜਾਉਣ ਤੇ ਸੰਵਾਰਨ ਦਾ ਜਤਨ ਕਰਨ ਦੀ ਥਾਂ ਨਫਰਤ ਤੇ ਘਿਰਣਾ ਕਰ ਉਸਨੂੰ ਹੋਰ ਵਧੇਰੇ ਮੈਲੀ ਤੇ ਕੁਚੀਲ ਬਣਾਣ ਦਾ ਆਹਰ ਕਰਦੇ ਸਨ। ਚੰਗੇ ਚੰਗੇ ਯੋਗ ਆਦਮੀਆਂ ਨੂੰ ਸੰਸਾਰ ਛੱਡਣ ਦੀ ਪ੍ਰੇਰਨਾ ਕਰਨਾ ਮੁੱਖ ਗਿਆਨ ਸਮਝਿਆ ਜਾਂਦਾ ਸੀ। ਇਹ ਪ੍ਰੇਰਨਾ ਸੀ ਤਾਂ ਨਿਰਾਰਥ ਹੀ, ਕਿਉਂਜੋ ਜੀਊਂਦਾ ਮਨੁੱਖ ਸੰਸਾਰ ਨੂੰ ਛੱਡ ਕੇ ਕਿਥੇ ਜਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ ਮੈਲਾ ਕੁਚੈਲਾ ਤੇ ਸੁਸਤ ਜ਼ਰੂਰ ਬਣਾ ਜਾਂਦੀ ਸੀ। ਕਪੜਿਆਂ ਦੀ ਥਾਂ ਸਰਦੀ ਗਰਮੀ ਤੋਂ ਬਚਣ ਲਈ ਤਨ ਤੇ ਸੁਆਹ ਮਲ ਲੈਣੀ, ਧੂਣੀਆਂ ਬਾਲ ਬਾਲ ਸੇਕੀ ਜਾਣੀਆਂ ਤੇ ਭਿਖਿਆ ਦੇ ਸੁੱਕੇ ਟੁੱਕਰ ਚੱਬ ਛਡਣੇ ਤੇ ਰਾਤ ਦਿਨ ਕਿਸੇ ਰਸ ਆਉਣ ਦੀ ਉਡੀਕ ਵਿਚ ਰਹਿਣਾ ਤੇ ਓੜਕ ਮਾਯੂਸ ਹੋ ਭੰਗ, ਚਰਸ, ਗਾਂਜਾ, ਤਮਾਕੂ ਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋ ਜਾਣਾ, ਇਹ ਸੀ ਦਲਿੱਦਰ ਭਰਿਆ ਜੀਵਨ ਜੋ ਉਸ ਰੂਹਾਨੀਅਤ ਦਾ ਫਲ ਸੀ:

ਸੁਟ ਦੇਵਣੀ ਪਟ ਦੀ ਸੇਜ ਬਾਂਕੀ, ਬਾਲ ਸਕਣੇ ਜੰਡ ਕਰੀਰ ਬੱਚਾ।
ਸੁੱਕੇ ਟੁਕੜਿਆਂ ਨਾਲ ਗੁਜ਼ਰਾਨ ਕਰਨੀ, ਨਹੀਂ ਦੇਖਣੀ ਖੰਡ ਤੇ ਖੀਰ ਬੱਚਾ।
ਯੋਗੀ ਬੁਰੀ ਕਰਦੇ ਛੁਰੀ ਹੱਥ ਫੜ ਕੇ, ਦੋਵੇਂ ਸੁਟਦੇ ਕੰਨ ਨੇ ਚੀਰ ਬੱਚਾ।

(ਕਵੀ ਕਲਿਆਨ ਸਿੰਘ)

੧੨੮